‘ਅਰੁਣਾਚਲ ਨੂੰ ਕਦੇ ਵੀ ਭਾਰਤੀ ਖੇਤਰ ਵਜੋਂ ਮਾਨਤਾ ਨਹੀਂ ਦਿੱਤੀ’
ਸ਼ੰਘਾਈ ਹਵਾਈ ਅੱਡੇ ’ਤੇ ਅਰੁਣਾਚਲ ਪ੍ਰਦੇਸ਼ ਵਿੱਚ ਜਨਮੀ ਇੱਕ ਭਾਰਤੀ ਔਰਤ ਨੂੰ ਕਥਿਤ ਪ੍ਰੇਸ਼ਾਨੀ ਕਰਨ ਤੇ ਭਾਰਤ ਵੱਲੋਂ ਸਖ਼ਤ ਇਤਰਾਜ਼ ਦਰਜ ਕਰਵਾਉਣ ਤੋਂ ਇੱਕ ਦਿਨ ਬਾਅਦ ਚੀਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਸ ਨੇ ਭਾਰਤ ਵਲੋਂ ਗੈਰਕਾਨੂੰਨੀ ਢੰਗ ਨਾਲ ਸਥਾਪਤ ਕੀਤੇ ਗਏ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। ਪੇਈਚਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਇਸ ਰਾਜ ਨੂੰ ਚੀਨ ਦਾ ਖੇਤਰ ਦੱਸਦਿਆਂ ਦੋਸ਼ਾਂ ਨੂੰ ਨਕਾਰਿਆ। ਇਹ ਔਰਤ ਯਾਤਰੀ ਲੰਡਨ ਤੋਂ ਜਾਪਾਨ ਜਾ ਰਹੀ ਸੀ। ਉਸ ਨੂੰ ਲਗਪਗ 18 ਘੰਟਿਆਂ ਲਈ ਸਿਰਫ਼ ਇਸ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਸ ਦੇ ਭਾਰਤੀ ਪਾਸਪੋਰਟ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਉਸ ਦੀ ਜਨਮ ਭੂਮੀ ਦਰਸਾਇਆ ਗਿਆ ਸੀ।
ਮਾਓ ਨੇ ਕਿਹਾ, ‘ਸਾਨੂੰ ਜੋ ਪਤਾ ਲੱਗਾ ਹੈ ਕਿ ਚੀਨ ਦੇ ਸਰਹੱਦੀ ਨਿਰੀਖਣ ਅਧਿਕਾਰੀਆਂ ਨੇ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਜਾਂਚ ਕੀਤੀ। ਇਸ ਦੌਰਾਨ ਉਸ ਔਰਤ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਕੀਤੀ ਗਈ ਸੀ ਤੇ ਉਸ ਨੂੰ ਨਜ਼ਰਬੰਦ ਜਾਂ ਪ੍ਰੇਸ਼ਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਏਅਰਲਾਈਨ ਨੇ ਯਾਤਰੀ ਨੂੰ ਆਰਾਮ ਦੀਆਂ ਸਹੂਲਤਾਂ ਅਤੇ ਭੋਜਨ ਮੁਹੱਈਆ ਕਰਵਾਇਆ ਸੀ।
