ਦਿੱਲੀ ਦੇ ਕਈ ਖੇਤਰਾਂ ’ਚ ਨਕਲੀ ਮੀਂਹ ਲਈ ਪਰਖ
ਜਹਾਜ਼ ਰਾਹੀਂ ਰਸਾਇਣ ਦਾ ਛਿਡ਼ਕਾਅ; ਅਗਲੇ ਦਿਨਾਂ ’ਚ ਹੋਰ ਅਜ਼ਮਾਇਸ਼ ਕਰਾਂਗੇ: ਸਿਰਸਾ
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਤੋਂ ਰਾਹਤ ਲਈ ਨਕਲੀ ਮੀਂਹ (ਕਲਾਊਡ ਸੀਡਿੰਗ) ਪਵਾਉਣ ਲਈ ਪਹਿਲਾ ਟਰਾਇਲ ਕੀਤਾ ਗਿਆ। ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਈ ਆਈ ਟੀ-ਕਾਨਪੁਰ ਦੇ ਸਹਿਯੋਗ ਨਾਲ ਅੱਜ ਰਾਜਧਾਨੀ ਦੇ ਕੁੱਝ ਹਿੱਸਿਆਂ ਵਿੱਚ ਕਲਾਊਡ ਸੀਡਿੰਗ ਦੀ ਅਜ਼ਮਾਇਸ਼ ਕੀਤੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨਕਲੀ ਮੀਂਹ ਲਈ ਰਸਾਇਣ ਲੈ ਕੇ ਜਾਣ ਵਾਲੇ ਜਹਾਜ਼ ਨੇ ਕਾਨਪੁਰ ਤੋਂ ਦਿੱਲੀ ਲਈ ਉਡਾਣ ਭਰੀ ਅਤੇ ਮੇਰਠ ਅੱਡੇ ’ਤੇ ਉਤਰਨ ਤੋਂ ਪਹਿਲਾਂ ਬੁਰਾੜੀ, ਉੱਤਰੀ ਕਰੋਲ ਬਾਗ ਅਤੇ ਮਯੂਰ ਵਿਹਾਰ ਵਰਗੇ ਖੇਤਰਾਂ ਵਿੱਚ ਰਸਾਇਣਾਂ ਦਾ ਛਿੜਕਾਅ ਕੀਤਾ। ਸਿਰਸਾ ਨੇ ਕਿਹਾ ਕਿ ਸੈਸਨਾ ਜਹਾਜ਼ ਨੇ ਕਾਨਪੁਰ ਤੋਂ ਉਡਾਣ ਭਰੀ। ਇਸ ਨੇ ਅੱਠ ਥਾਵਾਂ ’ਤੇ ਰਸਾਇਣਾਂ ਦਾ ਛਿੜਕਾਅ ਕੀਤਾ ਅਤੇ ਇਹ ਪ੍ਰੀਖਣ ਅੱਧੇ ਘੰਟੇ ਤੱਕ ਚੱਲਿਆ। ਮੰਤਰੀ ਨੇ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਕਾਨਪੁਰ ਦਾ ਮੰਨਣਾ ਹੈ ਕਿ ਟੈਸਟ ਦੇ 15 ਮਿੰਟ ਤੋਂ ਚਾਰ ਘੰਟਿਆਂ ਦੇ ਅੰਦਰ ਮੀਂਹ ਪੈ ਸਕਦਾ ਹੈ। ਸਿਰਸਾ ਨੇ ਕਿਹਾ ਕਿ ਦੂਜਾ ਟਰਾਇਲ ਬਾਹਰੀ ਦਿੱਲੀ ਵਿੱਚ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਨੌਂ ਤੋਂ ਦਸ ਟਰਾਇਲ ਕਰਨ ਦੀ ਯੋਜਨਾ ਬਣਾਈ ਗਈ ਹੈ। ਮੰਤਰੀ ਨੇ ਕਿਹਾ ਕਿ ਇਹ ਪ੍ਰਦੂਸ਼ਣ ਘਟਾਉਣ ਲਈ ਸਰਕਾਰ ਦੁਆਰਾ ਚੁੱਕਿਆ ਗਿਆ ਇੱਕ ਵੱਡਾ ਕਦਮ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਨਕਲੀ ਮੀਂਹ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਇਹ ਪ੍ਰੀਖਣ ਸਰਦੀਆਂ ਦੇ ਮਹੀਨਿਆਂ ਦੌਰਾਨ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਦਿੱਲੀ ਸਰਕਾਰ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਅੱਜ ਕੀਤਾ ਗਿਆ ਟਰਾਇਲ ਦਿੱਲੀ ਵਿੱਚ ਨਕਲੀ ਮੀਂਹ ਪਵਾਉਣ ਦੀ ਦੂਜੀ ਕੋਸ਼ਿਸ਼ ਹੈ। ਪਿਛਲੇ ਹਫ਼ਤੇ ਬੁਰਾੜੀ ਵਿੱਚ ਪ੍ਰੀਖਣ ਕੀਤਾ ਗਿਆ ਸੀ ਤੇ ਉਸ ਵੇਲੇ 20 ਫ਼ੀਸਦ ਨਮੀ ਕਾਰਨ ਮੀਂਹ ਨਹੀਂ ਪਿਆ। ਨਕਲੀ ਮੀਂਹ ਲਈ ਘੱਟੋ-ਘੱਟ 50 ਫ਼ੀਸਦ ਨਮੀ ਦੀ ਲੋੜ ਹੁੰਦੀ ਹੈ। ਦਿੱਲੀ ਸਰਕਾਰ ਨੇ ਪਿਛਲੇ ਹਫ਼ਤੇ ਕਲਾਊਡ ਸੀਡਿੰਗ ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਪਹਿਲਾਂ ਕਿਹਾ ਸੀ ਕਿ ਟਰਾਇਲ 28 ਤੋਂ 29 ਅਕਤੂਬਰ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਮੰਤਰੀ ਮੰਡਲ ਨੇ ਸੱਤ ਮਈ ਨੂੰ 3.21 ਕਰੋੜ ਦੀ ਲਾਗਤ ਨਾਲ ਨਕਲੀ ਮੀਂਹ ਦੇ ਪੰਜ ਪ੍ਰੀਖਣ ਕਰਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ।

