ਪਿਤਾ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਪੱਛਮੀ ਦਿੱਲੀ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਪਿਤਾ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਕਤ ਵਿਅਕਤੀ ਆਪਣੇ ਪਿਤਾ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲੈ ਕੇ ਆਇਆ ਤਾਂ ਉਥੇ ਪੁਜਾਰੀ ਨੇ ਮ੍ਰਿਤਕ ਦੀ ਦੇਹ ’ਤੇ ਬਲੇਡ ਦੇ ਨਿਸ਼ਾਨ ਦੇਖੇ। ਪੁਲੀਸ ਨੇ ਅੱਜ ਦੱਸਿਆ ਕਿ ਸੂਚਨਾ ਮਿਲਣ ’ਤੇ ਪੰਜਾਬੀ ਬਾਗ ਥਾਣੇ ਦੀ ਸਥਾਨਕ ਟੀਮ ਸ਼ਮਸ਼ਾਨਘਾਟ ਪੱਛਮ ਪੁਰੀ ਵਿੱਚ ਪੁੱਜੀ। ਸ਼ਮਸ਼ਾਨਘਾਟ ਦੇ ਨਿਗਰਾਨ ਸੰਜੀਵ ਚੌਹਾਨ ਨੇ ਦੱਸਿਆ ਕਿ ਰਿੰਕੂ ਯਾਦਵ ਨਾਂ ਦਾ ਵਿਅਕਤੀ ਆਪਣੇ ਪਿਤਾ ਸਤੀਸ਼ ਯਾਦਵ ਦੇ ਸਸਕਾਰ ਲਈ ਆਇਆ ਸੀ ਤਾਂ ਸਸਕਾਰ ਦੀ ਰਸਮ ਦੌਰਾਨ ਪੁਜਾਰੀ ਨੇ ਮ੍ਰਿਤਕ ਦੀ ਗਰਦਨ ਤੇ ਬਾਂਹ ’ਤੇ ਚੀਰੇ ਦੇ ਨਿਸ਼ਾਨ ਦੇਖੇ। ਪੁਜਾਰੀ ਨੇ ਪੀਸੀਆਰ ਕਾਲ ਰਾਹੀਂ ਇਸ ਦੀ ਸੂਚਨਾ ਦਿੱਤੀ। ਪੁਲੀਸ ਨੇ ਇਸ ਬਾਰੇ ਰਿੰਕੂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦੀ ਬਲੇਡ ਨਾਲ ਹੱਤਿਆ ਕਰਨ ਦੀ ਗੱਲ ਕਬੂਲੀ। ਅਧਿਕਾਰੀ ਨੇ ਦੱਸਿਆ ਕਿ ਆਪਣੇ ਪਿਤਾ ਦੀ ਸ਼ਰਾਬ ਪੀਣ ਦੀ ਆਦਤ ਤੋਂ ਦੁਖੀ ਹੋ ਕੇ ਰਿੰਕੂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਫੈਸਲਾ ਕੀਤਾ।