ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ
ਸ਼ਕੂਰਪੁਰ ਤੋਂ ਸਥਾਨਕ ਕੌਂਸਲਰ ਰਾਮਕਿਸ਼ੋਰ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਖੇਤਰ ਦੇ ਮੀਟ ਵੇਚਣ ਵਾਲਿਆਂ ਨੂੰ 22 ਸਤੰਬਰ ਤੋਂ 2 ਅਕਤੂਬਰ ਦੇ ਵਿਚਕਾਰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਨਗੇ। ਇਹ ਪਹਿਲਕਦਮੀ ਨੂੰ ਜਨਤਕ ਸਮਰਥਨ ਮਿਲਿਆ ਹੈ, ਜਿਸ ਵਿੱਚ ਬਹੁਤ ਸਾਰੇ ਧਾਰਮਿਕ ਸੰਗਠਨ ਅਤੇ ਭਾਈਚਾਰਕ ਨੇਤਾ ਇਸ ਕਦਮ ਦਾ ਸਮਰਥਨ ਕਰ ਰਹੇ ਹਨ।
ਸ਼ਕੂਰ ਬਸਤੀ ਦੀ ਨੁਮਾਇੰਦਗੀ ਕਰਨ ਵਾਲੇ ਭਾਜਪਾ ਵਿਧਾਇਕ ਕਰਨੈਲ ਸਿੰਘ ਵੱਲੋਂ ਡੋਮਿਨੋਜ਼, ਕੇ.ਐੱਫ.ਸੀ. ਅਤੇ ਮੈਕਡੋਨਲਡਜ਼ ਵਰਗੇ ਪ੍ਰਸਿੱਧ ਅੰਤਰਰਾਸ਼ਟਰੀ ਭੋਜਨ ਆਉਟਲੈਟਾਂ ਦੇ ਖੇਤਰੀ ਪ੍ਰਬੰਧਕਾਂ ਨੂੰ ਇੱਕ ਪੱਤਰ ਲਿਖ ਕੇ ਉਕਤ ਸਮੇਂ ਦੌਰਾਨ ਦੁਕਾਨਾਂ ਬੰਦ ਰੱਖਣ ਲਈ ਕਿਹਾ ਸੀ। ਉਨ੍ਹਾਂ ਨੇ ਫੂਡ ਚੇਨਾਂ ਨੂੰ 22 ਸਤੰਬਰ ਤੋਂ 2 ਅਕਤੂਬਰ, 2025 ਤੱਕ ਚੱਲਣ ਵਾਲੇ ਨਰਾਤਿਆਂ ਦੌਰਾਨ ਮੀਟ ਵਾਲੀਆਂ ਵਸਤਾਂ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਫੂਡ ਚੇਨਾਂ ਨੂੰ ਹਿੰਦੂਆਂ ਦੇ ਧਾਰਮਿਕ ਅਭਿਆਸਾਂ ਦਾ ਸਤਿਕਾਰ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਖਾਸ ਕਰ ਕੇ ਨਰਾਤਿਆਂ ਦੌਰਾਨ ਇੱਕ ਤਿਉਹਾਰ ਜੋ ਦੇਵੀ ਦੁਰਗਾ ਦੇ ਵਰਤ ਅਤੇ ਪੂਜਾ ਨਾਲ ਨੇੜਿਓਂ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰ ਕੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਇਹ ਕਦਮ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਫੂਡ ਆਉਟਲੈਟਸ, ਜਿਨ੍ਹਾਂ ਵਿੱਚ ਕੌਮਾਂਤਰੀ ਅਦਾਰੇ ਵੀ ਸ਼ਾਮਲ ਹਨ, ਇਸ ਸਮੇਂ ਦੌਰਾਨ ਮਾਸਾਹਾਰੀ ਵਸਤੂਆਂ ਦੀ ਵਿਕਰੀ ਨੂੰ ਰੋਕ ਦੇਣਗੇ।