ਕ੍ਰਿਕਟਰ ਪ੍ਰਤੀਕਾ ਨੂੰ 1.5 ਕਰੋੜ ਦੇਣ ਦਾ ਐਲਾਨ
ਦਿੱਲੀ ਦੀ ਮੁੱਖ ਮੰਤਰੀ ਨੇ ਵਿਸ਼ਵ ਕੱਪ ਜੇਤੂ ਖਿਡਾਰਨ ਨਾਲ ਮੁਲਾਕਾਤ ਕੀਤੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕ੍ਰਿਕਟਰ ਪ੍ਰਤੀਕਾ ਰਾਵਲ ਨਾਲ ਮੁਲਾਕਾਤ ਕੀਤੀ ਅਤੇ 1.5 ਕਰੋੜ ਦੇ ਇਨਾਮ ਦਾ ਐਲਾਨ ਕੀਤਾ। ਹਾਲ ਹੀ ਵਿੱਚ ਆਈ ਸੀ ਸੀ ਮਹਿਲਾ ਵਿਸ਼ਵ ਕੱਪ ਵਿੱਚ 308 ਦੌੜਾਂ ਬਣਾਉਣ ਵਾਲੀ ਰਾਵਲ, ਲੌਰਾ ਵੋਲਵਾਰਡਟ (571), ਸਮ੍ਰਿਤੀ ਮੰਧਾਨਾ (414) ਅਤੇ ਐਸ਼ਲੇ ਗਾਰਡਨਰ (328) ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀਆਂ ਖਿਡਾਰਨਾਂ ਦੀ ਸੂਚੀ ਵਿੱਚ ਚੌਥੇ ਸਥਾਨ ਉੱਤੇ ਸੀ।
ਦਿੱਲੀ ਦੀ ਇਹ ਕ੍ਰਿਕਟਰ ਬੰਗਲਾਦੇਸ਼ ਵਿਰੁੱਧ ਆਖ਼ਰੀ ਗਰੁੱਪ ਲੀਗ ਮੈਚ ਵਿੱਚ ਜ਼ਖਮੀ ਹੋ ਗਈ ਸੀ ਅਤੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਤੋਂ ਖੁੰਝ ਗਈ ਸੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, ‘‘ਮੁੱਖ ਮੰਤਰੀ ਲੋਕ ਸੇਵਾ ਘਰ ਵਿਖੇ ਅਸੀਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤਿਭਾਸ਼ਾਲੀ ਖਿਡਾਰਨ ਪ੍ਰਤੀਕਾ ਰਾਵਲ ਦਾ ਸਵਾਗਤ ਕੀਤਾ। ਸਾਡੀ ਪ੍ਰਤਿਭਾਸ਼ਾਲੀ ਧੀ ਨੇ ਦਿੱਲੀ ਦਾ ਮਾਣ ਦਿਵਾਇਆ ਹੈ। ਖੇਡ ਪ੍ਰਤੀ ਉਸ ਦੀ ਵਚਨਬੱਧਤਾ ਤੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਨਮਾਨ ਵਿੱਚ, ਦਿੱਲੀ ਸਰਕਾਰ ਉਸ ਨੂੰ ਸਨਮਾਨਿਤ ਕਰੇਗੀ। ਰਾਵਲ ਨੂੰ 1.5 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।’’
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤੀਕਾ ਰਾਵਲ ਊਰਜਾ, ਹਿੰਮਤ ਤੇ ਮਹਿਲਾ ਸ਼ਕਤੀਕਰਨ ਦੀ ਮਿਸਾਲ ਹੈ। ਉਨ੍ਹਾਂ ਕਿਹਾ, ‘‘ਪ੍ਰਤੀਕਾ ਦਾ ਸਫਰ ਇਹ ਦਰਸਾਉਂਦਾ ਹੈ ਕਿ ਦਿੱਲੀ ਸਿਰਫ਼ ਸੁਪਨਿਆਂ ਨੂੰ ਜਨਮ ਹੀ ਨਹੀਂ ਦਿੰਦੀ ਹੈ ਬਲਕਿ ਉਨ੍ਹਾਂ ਨੂੰ ਉਡਾਣ ਦੇਣ ਵਿੱਚ ਵੀ ਮਦਦ ਕਰਦੀ ਹੈ। ਉਸ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ।’’ ਇਸ ਮੌਕੇ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਅਤੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰੋਹਨ ਜੇਟਲੀ ਵੀ ਮੌਜੂਦ ਸਨ।

