ਅਮਿਤ ਸ਼ਾਹ ਦਾ ਬਿਹਾਰ ’ਚ 160 ਸੀਟਾਂ ਦਾ ਦਾਅਵਾ ‘ਵੋਟ ਚੋਰੀ’ ਦਾ ਸੰਕੇਤ: ਜੈਰਾਮ ਰਮੇਸ਼
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਬਿਹਾਰ ਵਿੱਚ ‘ਵੋਟ ਚੋਰੀ’ ਦਾ ਖੁੱਲ੍ਹੇਆਮ ਸੰਕੇਤ ਦੇਣ ਦਾ ਦੋਸ਼ ਲਗਾਇਆ ਹੈ। ਇਹ ਦੋਸ਼ ਸ਼ਾਹ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਐੱਨਡੀਏ 243 ਮੈਂਬਰੀ ਅਸੈਂਬਲੀ ਵਿੱਚ 160 ਤੋਂ ਵੱਧ ਸੀਟਾਂ ਜਿੱਤੇਗਾ।
ਰਮੇਸ਼ ਨੇ ਤਨਜ਼ ਕਸਦਿਆਂ 'X' ’ਤੇ ਕਿਹਾ ਕਿ ਜਿੱਥੇ ਸਿੱਖਿਆ ਵਿੱਚ "VC" ਦਾ ਅਰਥ ਵਾਈਸ ਚਾਂਸਲਰ ਹੁੰਦਾ ਹੈ, ਸਟਾਰਟ-ਅੱਪਸ ਵਿੱਚ ਵੈਂਚਰ ਕੈਪੀਟਲ ਅਤੇ ਫੌਜ ਵਿੱਚ ਵੀਰ ਚੱਕਰ ਹੁੰਦਾ ਹੈ, ਉੱਥੇ ਹੀ ਭਾਜਪਾ ਨੇ ਇੱਕ ਨਵਾਂ 'VC' ਭਾਵ “ਵੋਟ ਚੋਰੀ” ਦੀ ਕਾਢ ਕੱਢੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਿਤ ਸ਼ਾਹ ਨੇ ਐੱਨਡੀਏ ਦਾ ਅੰਕੜਾ ਐਲਾਨ ਕੇ ਬਿਹਾਰ ਵਿੱਚ ਪਹਿਲਾਂ ਹੀ ਆਪਣਾ ਨਿਸ਼ਾਨਾ ਜ਼ਾਹਰ ਕਰ ਦਿੱਤਾ ਹੈ।
ਰਮੇਸ਼ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਬਿਹਾਰ ਵਿੱਚ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ਼ ‘ਵੋਟ ਚੋਰੀ (VC)’ ’ਤੇ ਹੀ ਨਹੀਂ, ਸਗੋਂ ‘ਵੋਟ ਰੇਵੜੀ (VR)’ 'ਤੇ ਵੀ ਨਿਰਭਰ ਕਰ ਰਹੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਬਿਹਾਰ ਦੇ ਸਿਆਸੀ ਤੌਰ ’ਤੇ ਸਭ ਤੋਂ ਵੱਧ ਚੇਤੰਨ ਲੋਕ ਇਨ੍ਹਾਂ ਸਾਜ਼ਿਸ਼ਾਂ ਨੂੰ ਹਰਾ ਦੇਣਗੇ। ਬਿਹਾਰ ਵਿੱਚ ਮਹਾਂਗਠਜੋੜ ਦੀ ਸਰਕਾਰ ਬਣੇਗੀ ਅਤੇ ਸਭ ਤੋਂ ਪਹਿਲਾਂ ਇਸ ਭੂਚਾਲ ਦਾ ਝਟਕਾ ਨਵੀਂ ਦਿੱਲੀ ਵਿੱਚ ਮਹਿਸੂਸ ਕੀਤਾ ਜਾਵੇਗਾ।’’
ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਅਰਰੀਆ ਵਿੱਚ ਮੰਡਲ ਕਾਰਜਕਰਤਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਬਿਹਾਰ ਵਿੱਚ INDIA ਗੱਠਜੋੜ 'ਤੇ ਨਿਸ਼ਾਨਾ ਸਾਧਿਆ ਅਤੇ ਐਲਾਨ ਕੀਤਾ ਕਿ ਆਉਣ ਵਾਲੀਆਂ ਚੋਣਾਂ ਰਾਜ ਵਿੱਚੋਂ ‘ਘੁਸਪੈਠੀਆਂ’ ਨੂੰ ਹਟਾਉਣ ’ਤੇ ਕੇਂਦਰਿਤ ਹਨ। ਉਨ੍ਹਾਂ ਨੇ ਵੋਟਰਾਂ ਨੂੰ 243 ਅਸੈਂਬਲੀ ਸੀਟਾਂ ਵਿੱਚੋਂ 160 ਤੋਂ ਵੱਧ ’ਤੇ ਜਿੱਤ ਦਿਵਾਉਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਭਾਜਪਾ ਬਿਹਾਰ ਦੀ ਪਵਿੱਤਰ ਧਰਤੀ 'ਤੇ ਘੁਸਪੈਠੀਆਂ ਨੂੰ ਰਹਿਣ ਨਹੀਂ ਦੇਵੇਗੀ।