DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

All-party meet: ਵਿਰੋਧੀ ਧਿਰ ਨੇ ਪਹਿਲਗਾਮ ਹਮਲੇ, ਟਰੰਪ ਦੀਆਂ ਟਿੱਪਣੀਆਂ ਤੇ ਐੱਸਆਈਆਰ ਦੇ ਮੁੱਦੇ ਚੁੱਕੇ

ਸਰਕਾਰ ਨੇ ਸਾਰੇ ਮੁੱਦਿਆਂ ’ਤੇ ਖੁੱਲ੍ਹੀ ਗੱਲਬਾਤ ਕਰਨ ਦਾ ਭਰੋਸਾ ਦਿੱਤਾ
  • fb
  • twitter
  • whatsapp
  • whatsapp
featured-img featured-img
ਆਲ ਪਾਰਟੀ ਮੀਟਿੰਗ ’ਚ ਸ਼ਾਮਲ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ। -ਫੋਟੋ: ਪੀਟੀਆਈ
Advertisement
ਸਰਕਾਰ ਨੇ ਅੱਜ ਮੌਨਸੂਨ ਸੈਸ਼ਨ ਦੀ ਪੂਰਵ ਸੰਧਿਆ ’ਤੇ ਸਰਬ-ਪਾਰਟੀ ਮੀਟਿੰਗ ਦੌਰਾਨ ਸੰਸਦ ਵਿੱਚ ‘ਅਪਰੇਸ਼ਨ ਸਿੰਧੂਰ ’ਤੇ ਚਰਚਾ ਕਰਨ ਦੀ ਇੱਛਾ ਦਾ ਸੰਕੇਤ ਦਿੱਤਾ। ਹਾਲਾਂਕਿ ‘ਇੰਡੀਆ’ ਗੱਠਜੋੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਦੇ ‘ਜੰਗਬੰਦੀ’ ਦੇ ਦਾਅਵਿਆਂ ਅਤੇ ਬਿਹਾਰ ਵਿੱਚ ਐੱਸਆਈਆਰ ਦੇ ਮੁੱਦੇ ’ਤੇ ਵੀ ਜਵਾਬ ਦੇਣਾ ਚਾਹੀਦਾ ਹੈ।

ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਮੁੱਦਿਆਂ ’ਤੇ ਸੰਸਦ ਵਿੱਚ ਜਵਾਬ ਦੇਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜਦੋਂ ਵੀ ਭਾਰਤ-ਪਾਕਿਸਤਾਨ ਟਕਰਾਅ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਜੰਗਬੰਦੀ ਦੇ ਦਾਅਵਿਆਂ ’ਤੇ ਚਰਚਾ ਹੋਵੇਗੀ ਤਾਂ ਸਰਕਾਰ ਢੁੱਕਵਾਂ ਜਵਾਬ ਦੇਵੇਗੀ।

Advertisement

ਸੈਸ਼ਨ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ‘ਅਪਰੇਸ਼ਨ ਸਿੰਧੂਰ’ ’ਤੇ ਵਿਸਥਾਰਿਤ ਬਿਆਨ ਦੇਣ ਦੀ ਸੰਭਾਵਨਾ ਹੈ, ਜਿਨ੍ਹਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਸਾਥੀ ਮੰਤਰੀਆਂ ਅਤੇ ਹੋਰ ਉੱਚ ਫ਼ੌਜੀ ਅਧਿਕਾਰੀਆਂ ਨਾਲ ਦੋ ਮੁੱਖ ਮੀਟਿੰਗਾਂ ਕੀਤੀਆਂ।

ਕਈ ਆਗੂ, ਜਿਨ੍ਹਾਂ ਵਿੱਚ ਐੱਨਡੀਏ ਦੇ ਆਗੂ ਵੀ ਸ਼ਾਮਲ ਹਨ, ਚਾਹੁੰਦੇ ਹਨ ਕਿ ‘ਅਪਰੇਸ਼ਨ ਸਿੰਧੂਰ’ ਸਬੰਧੀ ਵਿਦੇਸ਼ ਦੌਰਿਆਂ ’ਤੇ ਗਏ ਵੱਖ-ਵੱਖ ਸੰਸਦੀ ਵਫ਼ਦਾਂ ਦੀਆਂ ਪ੍ਰਾਪਤੀਆਂ ’ਤੇ ਵੀ ਚਰਚਾ ਹੋਵੇ।

ਸੂਤਰਾਂ ਨੇ ਦੱਸਿਆ ਕਿ ਸਰਕਾਰ ਸੰਸਦ ਵਿੱਚ ਆਪਣਾ ਪੱਖ ਰੱਖਣ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਬੋਲਣ ਦਾ ਮੌਕਾ ਦੇ ਸਕਦੀ ਹੈ।

ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਤੋਂ ਪਹਿਲਾਂ ਰਵਾਇਤੀ ਆਲ-ਪਾਰਟੀ ਮੀਟਿੰਗ ਤੋਂ ਬਾਅਦ ਰਿਜਿਜੂ ਨੇ ਕਿਹਾ ਕਿ ਸਰਕਾਰ ਨੇ ਮਹੀਨਾ ਭਰ ਚੱਲਣ ਵਾਲੇ ਸੈਸ਼ਨ ਦੌਰਾਨ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਰੋਧੀ ਧਿਰ ਦਾ ਸਹਿਯੋਗ ਮੰਗਿਆ ਹੈ।

ਕੇਂਦਰੀ ਮੰਤਰੀ ਜੇਪੀ ਨੱਡਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਰਿਜਿਜੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ-ਵਿਰੋਧੀ ਧਿਰ ਦਾ ਤਾਲਮੇਲ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੋਧੀ ਧਿਰ ਅਤੇ ਸੱਤਾਧਾਰੀ ਐੱਨਡੀਏ ਗੱਠਜੋੜ ਦੇ ਮੈਂਬਰਾਂ ਨੂੰ ਬੜੇ ਠਰੰਮੇ ਨਾਲ ਸੁਣਿਆ ਅਤੇ ਉਮੀਦ ਕੀਤੀ ਕਿ ਆਉਣ ਵਾਲਾ ਸੈਸ਼ਨ ਬਹੁਤ ਲਾਭਕਾਰੀ ਹੋਵੇਗਾ। ਅੱਜ ਦੀ ਆਲ-ਪਾਰਟੀ ਮੀਟਿੰਗ ਵਿੱਚ ਵੱਖ-ਵੱਖ ਪਾਰਟੀਆਂ ਦੇ 54 ਨੇਤਾਵਾਂ ਅਤੇ ਆਜ਼ਾਦ ਸੰਸਦ ਮੈਂਬਰਾਂ ਨੇ ਹਿੱਸਾ ਲਿਆ।

ਰਿਜਿਜੂ ਨੇ ਕਿਹਾ, ‘‘ਅਸੀਂ ‘ਅਪਰੇਸ਼ਨ ਸਿੰਧੂਰ’ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਗੱਲਬਾਤ ਲਈ ਤਿਆਰ ਹਾਂ। ਇਹ ਬਹੁਤ ਮਹੱਤਵਪੂਰਨ ਕੌਮੀ ਮਹੱਤਵ ਦੇ ਮੁੱਦੇ ਹਨ। ਸਰਕਾਰ ਪਿੱਛੇ ਨਹੀਂ ਹਟ ਰਹੀ ਹੈ ਅਤੇ ਕਦੇ ਵੀ ਪਿੱਛੇ ਨਹੀਂ ਹਟੇਗੀ ਪਰ ਨਿਯਮਾਂ ਤੇ ਪਰੰਪਰਾਵਾਂ ਤਹਿਤ ਚਰਚਾ ਨੂੰ ਪਹਿਲ ਹੈ।’’

ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਉਠਾਏ ਗਏ ਮੁੱਦਿਆਂ ਨੂੰ ਦੋਵਾਂ ਸਦਨਾਂ ਦੀ ਕਾਰੋਬਾਰ ਸਲਾਹਕਾਰ ਕਮੇਟੀ ਵਿੱਚ ਵਿਚਾਰਿਆ ਜਾਵੇਗਾ, ਜਿੱਥੇ ਅੰਤਿਮ ਫ਼ੈਸਲਾ ਲਿਆ ਜਾਵੇਗਾ।

ਉਨ੍ਹਾਂ ਕਿਹਾ, ‘‘ਅਸੀਂ ਸਾਰੇ ਨੁਕਤੇ ਨੋਟ ਕੀਤੇ ਹਨ। ਅਸੀਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ (ਇਹ ਯਕੀਨੀ ਬਣਾਉਣ ਲਈ) ਕਿ ਸੰਸਦ ਸਹੀ ਢੰਗ ਨਾਲ ਕੰਮ ਕਰੇ। ਤਾਲਮੇਲ ਯਕੀਨੀ ਬਣਾਉਣਾ ਪਵੇਗਾ। ਸੰਸਦ ਦੇ ਕੰਮ-ਕਾਜ ਵਿੱਚ ਮਦਦ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ।’’

ਰਿਜਿਜੂ ਨੇ ਕਿਹਾ ਕਿ ਸਰਕਾਰ ਨੇ ਸੰਸਦ ਵਿੱਚ ਘੱਟ ਸੰਸਦ ਮੈਂਬਰਾਂ ਵਾਲੀਆਂ ਪਾਰਟੀਆਂ ਨੂੰ ਬੋਲਣ ਲਈ ਹੋਰ ਸਮਾਂ ਦੇਣ ਦੀ ਮੰਗ ਨੂੰ ਨੋਟ ਕੀਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਕੋਸ਼ਿਸ਼ ਕਰਾਂਗੇ ਅਤੇ ਛੋਟੀਆਂ ਪਾਰਟੀਆਂ ਸਣੇ ਸਾਰਿਆਂ ਨੂੰ ਢੁੱਕਵਾਂ ਸਮਾਂ ਦੇਵਾਂਗੇ।’’

ਪਹਿਲਗਾਮ ਹਮਲੇ ਅਤੇ ਹੋਰ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਿਆਨ ਦੇਣ ਦੀ ਵਿਰੋਧੀ ਧਿਰ ਦੀ ਮੰਗ ’ਤੇ ਰਿਜਿਜੂ ਨੇ ਕਿਹਾ, ‘‘ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਹਮੇਸ਼ਾ ਸੰਸਦ ਵਿੱਚ ਰਹਿੰਦੇ ਹਨ ਪਰ ਪ੍ਰਧਾਨ ਮੰਤਰੀ ਹਰ ਸਮੇਂ ਸਦਨ ਵਿੱਚ ਨਹੀਂ ਰਹਿੰਦੇ।’’ ਉਨ੍ਹਾਂ ਕਿਹਾ, ‘‘ਜਦੋਂ ਵੀ ਸੰਸਦ ਕੰਮ ਕਰਦੀ ਹੈ, ਕੈਬਨਿਟ ਮੰਤਰੀ ਆਪਣੇ ਵਿਭਾਗਾਂ ਨਾਲ ਸਬੰਧਿਤ ਮੁੱਦਿਆਂ ਦਾ ਜਵਾਬ ਦੇਣ ਲਈ ਮੌਜੂਦ ਹੁੰਦੇ ਹਨ।’’ ਰਿਜਿਜੂ ਨੇ ਕਿਹਾ ਕਿ ਸਰਕਾਰ 17 ਮੁੱਖ ਬਿੱਲ ਲਿਆ ਰਹੀ ਹੈ, ਜਿਨ੍ਹਾਂ ਦੇ ਵੇਰਵੇ ਜਲਦੀ ਹੀ ਦਿੱਤੇ ਜਾਣਗੇ।

ਉਮੀਦ ਕਰਦੇ ਹਾਂ ਪ੍ਰਧਾਨ ਮੰਤਰੀ ਆਪਣਾ ਨੈਤਿਕ ਫ਼ਰਜ਼ ਨਿਭਾਉਣਗੇ: ਗੋਗੋਈ

ਮੀਟਿੰਗ ਤੋਂ ਬਾਅਦ ਕਾਂਗਰਸ ਨੇਤਾ ਗੌਰਵ ਗੋਗੋਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਟਰੰਪ ਦੇ ਦਾਅਵਿਆਂ, ਪਹਿਲਗਾਮ ਹਮਲੇ ਅਤੇ ਬਿਹਾਰ ਵਿੱਚ ਚੋਣ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (SIR) ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਪਾਰਟੀ ਦੁਆਰਾ ਉਠਾਏ ਗਏ ਮੁੱਖ ਮੁੱਦਿਆਂ ’ਤੇ ਸੰਸਦ ਵਿੱਚ ਬਿਆਨ ਦੇਣ। ਉਨ੍ਹਾਂ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਆਪਣਾ ਨੈਤਿਕ ਫਰਜ਼ ਨਿਭਾਉਣਗੇ।’’

ਗੋਗੋਈ ਨੇ ਦੱਸਿਆ ਕਿ SIR ਅਤੇ EC ’ਤੇ ਸਵਾਲ ਉਠਾਏ ਗਏ ਹਨ ਅਤੇ ਜਵਾਬ ਨਾ ਦੇਣ ਨਾਲ ਚੋਣ ਪ੍ਰਕਿਰਿਆ ਅਤੇ ਭਵਿੱਖ ਦੀਆਂ ਚੋਣਾਂ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਸਰਕਾਰ ਦੇ ਸਟੈਂਡ ਨੂੰ ਸਪੱਸ਼ਟ ਕਰਨਾ ਪ੍ਰਧਾਨ ਮੰਤਰੀ ਦਾ ਫਰਜ਼ ਹੈ।

ਗੋਗੋਈ ਨੇ ਚੀਨ ਅਤੇ ਪਾਕਿਸਤਾਨ ਦੁਆਰਾ ਦੋ-ਪੱਖੀ ਹਮਲੇ ਦੇ ਮੁੱਦੇ ਨੂੰ ਉਠਾਉਣ ਵਾਲੇ ਕਈ ਹਥਿਆਰਬੰਦ ਸੈਨਾ ਅਧਿਕਾਰੀਆਂ ਦਾ ਵੀ ਹਵਾਲਾ ਦਿੱਤਾ ਅਤੇ ਇਸ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰੱਖਿਆ ਅਤੇ ਵਿਦੇਸ਼ ਨੀਤੀ ਅਤੇ ਰੱਖਿਆ ਬਜਟ ਵੰਡ ’ਤੇ ਚਰਚਾ ਕਰਨਾ ਮਹੱਤਵਪੂਰਨ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸ ’ਤੇ ਜਵਾਬ ਦੇਣਾ ਚਾਹੀਦਾ ਹੈ। ਗੋਗੋਈ ਨੇ ਮਨੀਪੁਰ ਦੀ ਸਥਿਤੀ ’ਤੇ ਚਰਚਾ ਦੀ ਮੰਗ ਵੀ ਕੀਤੀ ‘ਜਿੱਥੇ ਢਾਈ ਸਾਲਾਂ ਬਾਅਦ ਵੀ ਹਿੰਸਾ ਖਤਮ ਨਹੀਂ ਹੋਈ ਹੈ।’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਕਈ ਛੋਟੇ ਦੇਸ਼ਾਂ ਦਾ ਦੌਰਾ ਕੀਤਾ ਹੈ ਪਰ ਮਨੀਪੁਰ ਵਰਗੇ ਛੋਟੇ ਰਾਜ ਵਿੱਚ ਜਾਣ ਤੋਂ ਪਰਹੇਜ਼ ਕਰ ਰਹੇ ਹਨ।’’

‘ਆਪ’ ਨੇ ਬਿਹਾਰ SIR ਦਾ ਮੁੱਦਾ ਚੁੱਕਿਆ

ਆਮ ਆਦਮੀ ਪਾਰਟੀ ਤੋਂ ਸੰਜੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਿਹਾਰ ਵਿੱਚ ਐਸਆਈਆਰ ਦੇ ਕਥਿਤ ‘ਚੋਣ ਘੁਟਾਲੇ’ ਦੇ ਮੁੱਦੇ ਨੂੰ ਉਠਾਇਆ। ਉਨ੍ਹਾਂ ਟਰੰਪ ਦੇ ਇਸ ਦਾਅਵੇ ਦਾ ਵੀ ਜਵਾਬ ਮੰਗਿਆ, ਜਿਸ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਜੰਗਬੰਦੀ’ ਦੀ ਵਿਚੋਲਗੀ ਕੀਤੀ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਸਿਰਫ 2024 ਦੀਆਂ ਲੋਕ ਸਭਾ ਚੋਣਾਂ ਲਈ ਸੀ ਅਤੇ ‘ਆਪ’ ਆਪਣੇ ਦਮ ’ਤੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ।

ਜੇ ਕੋਈ ਮੁੱਦਾ ਹੈ ਤਾਂ ਚੋਣ ਕਮਿਸ਼ਨ ਨੂੰ ਮਿਲਾਂਗੇ: ਝਾਅ

ਜਨਤਾ ਦਲ (ਯੂ) ਦੇ ਨੇਤਾ ਸੰਜੇ ਕੁਮਾਰ ਝਾਅ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੰਨਣਾ ਹੈ ਕਿ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ, ‘‘ਸਾਡੇ ਕੋਲ ਰਿਪੋਰਟਾਂ ਹਨ ਕਿ ਲੋਕਾਂ ਨੂੰ ਇਸ (ਬਿਹਾਰ ਐੱਸਆਈਆਰ) ਨਾਲ ਕੋਈ ਸਮੱਸਿਆ ਨਹੀਂ ਹੈ। ਜੇਕਰ ਕੋਈ ਮੁੱਦਾ ਹੈ ਤਾਂ ਅਸੀਂ ਚੋਣ ਕਮਿਸ਼ਨ ਨੂੰ ਮਿਲਾਂਗੇ।’’

ਸਮਾਜਵਾਦੀ ਪਾਰਟੀ ਨੇ ਵਿਦੇਸ਼ ਨੀਤੀ ’ਤੇ ਚੁੱਕੇ ਸਵਾਲ

ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵੱਲੋਂ ਪਹਿਲਗਾਮ ਵਿੱਚ ਖੁਫੀਆ ਅਸਫਲਤਾ ਦਾ ਮੰਨਣਾ ਇੱਕ ‘ਗੰਭੀਰ ਮੁੱਦਾ’ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਦੇ ਵੀ ਪਾਕਿਸਤਾਨ ’ਤੇ ਤੀਜੀ ਧਿਰ ਦੀ ਵਿਚੋਲਗੀ ਦੀ ਇਜਾਜ਼ਤ ਨਹੀਂ ਦਿੱਤੀ ਹੈ ਅਤੇ ਟਰੰਪ ਦੇ ਦਾਅਵਿਆਂ ਨੂੰ ਸਰਕਾਰ ਵੱਲੋਂ ਸਪੱਸ਼ਟ ਕਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ, ‘‘ਸਾਡੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਅਸਫ਼ਲ ਹੈ, ਕਿਸੇ ਵੀ ਦੇਸ਼ ਨੇ ‘ਅਪਰੇਸ਼ਨ ਸਿੰਧੂਰ’ ਲਈ ਭਾਰਤ ਦਾ ਸਮਰਥਨ ਨਹੀਂ ਕੀਤਾ। 1965, 1971 ਅਤੇ ਕਾਰਗਿਲ ਯੁੱਧਾਂ ਤੋਂ ਬਾਅਦ ਕੋਈ ਵੀ ਮੁਸਲਿਮ ਦੇਸ਼ ਸਾਡੇ ਖ਼ਿਲਾਫ਼ ਨਹੀਂ ਸੀ ਪਰ ਹੁਣ ਕੋਈ ਵੀ ਦੇਸ਼ ਸਾਡੇ ਨਾਲ ਨਹੀਂ ਹੈ। ਸਾਡੇ ਕੋਲ ਕਦੇ ਵੀ ਅਜਿਹੀ ਅਸਫ਼ਲ ਵਿਦੇਸ਼ ਨੀਤੀ ਨਹੀਂ ਸੀ।’’

ਰਾਮ ਗੋਪਾਲ ਯਾਦਵ ਨੇ ਕਿਹਾ ਕਿ ਬਿਹਾਰ ਵਿੱਚ ਲੋਕਤੰਤਰ ‘ਖ਼ਤਰੇ ਵਿੱਚ’ ਹੈ ਕਿਉਂਕਿ SIR ਰਾਹੀਂ ‘ਕਰੋੜਾਂ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।’

ਸੰਸਦ ’ਚ ਚਰਚਾ ਦੀ ਮੰਗ

ਸੀਪੀਆਈ(ਐੱਮ) ਦੇ ਜੌਨ Brittas ਅਤੇ ਐੱਨਸੀਪੀ-ਸ਼ਰਦ ਪਵਾਰ ਤੋਂ ਸੁਪ੍ਰਿਆ ਸੂਲੇ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਪਹਿਲਗਾਮ ਹਮਲੇ, ਅਪਰੇਸ਼ਨ ਸਿੰਧੂਰ ਅਤੇ ਬਿਹਾਰ ਦੇ ਐੱਸਆਈਆਰ ਦੇ ਮੁੱਦਿਆਂ ’ਤੇ ਸੰਸਦ ਵਿੱਚ ਜਵਾਬ ਦੇਣ। ਸੁਪ੍ਰਿਆ ਸੂਲੇ ਨੇ ਕਿਹਾ, ‘‘ਜੇਕਰ ਪ੍ਰਧਾਨ ਮੰਤਰੀ ਇਨ੍ਹਾਂ ਮੁੱਦਿਆਂ ’ਤੇ ਸੰਸਦ ਵਿੱਚ ਬੋਲਦੇ ਹਨ ਤਾਂ ਸਾਰਿਆਂ ਨੂੰ ਚੰਗਾ ਲੱਗੇਗਾ।’’ ਬੀਜੇਡੀ ਤੋਂ ਸਸਮਿਤ ਪਾਤਰਾ ਨੇ ਕਿਹਾ ਕਿ ਕੇਂਦਰ ਰਾਜਾਂ ਵਿੱਚ ਕਾਨੂੰਨ ਵਿਵਸਥਾ ਦੀ ‘ਅਸਫ਼ਲਤਾ’ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ। ਉਨ੍ਹਾਂ ਆਉਣ ਵਾਲੇ ਸੈਸ਼ਨ ਦੌਰਾਨ ਸੰਸਦ ਵਿੱਚ ਚਰਚਾ ਦੀ ਮੰਗ ਕੀਤੀ।

ਹੁਸੈਨ ਨੇ ਜੰਮੂ ਕਸ਼ਮੀਰ ਦਾ ਮੁੱਦੇ ਰੱਖੇ

ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਅਲਤਾਫ਼ ਹੁਸੈਨ ਨੇ ਕਿਹਾ ਕਿ ਉਨ੍ਹਾਂ ਜੰਮੂ ਕਸ਼ਮੀਰ ਦੇ ਮੁੱਦੇ ਰੱਖੇ। ਉਨ੍ਹਾਂ ਕਿਹਾ, ‘‘ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਉਹ ਨਹੀਂ ਹੈ, ਜੋ ਦੇਸ਼ ਦੇ ਲੋਕਾਂ ਨੂੰ ਦਿਖਾਈ ਜਾ ਰਹੀ ਹੈ। ਮੈਂ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਮਾਸੂਮ ਸਥਾਨਕ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।’’

ਮੀਟਿੰਗ ਵਿੱਚ ਗੋਗੋਈ, ਜੈਰਾਮ ਰਮੇਸ਼, ਕਾਂਗਰਸ ਦੇ ਪ੍ਰਮੋਦ ਤਿਵਾੜੀ, ਐੱਨਸੀਪੀ-ਸ਼ਰਦ ਪਵਾਰ ਦੀ ਸੁਪ੍ਰਿਆ ਸੂਲੇ, ਡੀਐੱਮਕੇ ਦੇ ਟੀਆਰ ਬਾਲੂ ਅਤੇ ਤਿਰੂਚੀ ਸਿਵਾ, ਏਆਈਏਡੀਐੱਮਕੇ ਦੇ ਐੱਮ ਥੰਬੀਦੁਰਾਈ, ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਆਰਪੀਆਈ (ਏ) ਦੇ ਨੇਤਾ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਸ਼ਾਮਲ ਸਨ।

Advertisement
×