ਮੀਂਹ ’ਚ ਭਾਜਪਾ ਦੇ ਚਾਰੇ ਇੰਜਣ ਫੇਲ੍ਹ ਹੋਏ: ‘ਆਪ’
ਸਵੇਰੇ ਪਏ ਮੀਂਹ ਕਾਰਨ ਦਿੱਲੀ ਵਿੱਚ ਪਾਣੀ ਭਰਨ ਨੂੰ ਲੈ ਕੇ ਵਿਰੋਧੀਆਂ ਨੇ ਦਿੱਲੀ ਸਰਕਾਰ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਕੁਝ ਸਮੇਂ ਲਈ ਮੀਂਹ ਪਿਆ, ਪਰ ਭਾਜਪਾ ਦੇ ਚਾਰੇ ਇੰਜਣ ਇਸ ਨੂੰ ਸੰਭਾਲ ਨਹੀਂ ਸਕੇ ਅਤੇ ਇਹ ਪੂਰੀ ਤਰ੍ਹਾਂ ਨਾਲ ਨਾਕਾਮ ਰਹੇ। ਆਮ ਆਦਮੀ ਪਾਰਟੀ ਦੇ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਅਤੇ ਹੋਰ ਆਗੂਆਂ ਨੇ ਪਟਪੜਗੰਜ, ਸੰਗਮ ਬਿਹਾਰ, ਲਕਸ਼ਮੀ ਨਗਰ, ਏਮਜ਼, ਗੀਤਾ ਕਲੋਨੀ, ਸੰਜੇ ਝੀਲ, ਦੱਖਣੀ ਦਿੱਲੀ, ਐੱਮਬੀ ਰੋਡ ਸਮੇਤ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਪਾਣੀ ਭਰਨ ਦੀਆਂ ਵੀਡੀਓਜ਼ ਸਾਂਝੀਆਂ ਕਰ ਕੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ‘ਆਪ’ ਨੇ ਭਾਜਪਾ ਨੂੰ ਕਿਹਾ ਕਿ ਜੇ ਦਿੱਲੀ ਨੂੰ ਇਸੇ ਹਾਲਤ ਵਿੱਚ ਰਹਿਣਾ ਪਵੇਗਾ, ਤਾਂ ਭਾਜਪਾ ਨੂੰ ਆਪਣੇ ਚਾਰ ਇੰਜਣ ਇੱਕ ਕਬਾੜ ਡੀਲਰ ਨੂੰ ਵੇਚਣੇ ਚਾਹੀਦੇ ਹਨ ਅਤੇ ਚਾਰ ਕਿਸ਼ਤੀਆਂ ਖਰੀਦਣੀਆਂ ਚਾਹੀਦੀਆਂ ਹਨ।
ਸੌਰਭ ਭਾਰਦਵਾਜ ਨੇ ਮੀਂਹ ਤੋਂ ਬਾਅਦ ਪਾਣੀ ਭਰਨ ’ਤੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੀਂਹ ਕਾਰਨ ਸੰਜੇ ਝੀਲ ਵੀ ਬਹੁਤ ਚੰਗੀ ਹਾਲਤ ਵਿੱਚ ਹੈ। ਸੰਜੇ ਝੀਲ ਦੇ ਆਲੇ-ਦੁਆਲੇ ਕਈ ਕਿਲੋਮੀਟਰ ਦਾ ਇਲਾਕਾ ਝੀਲ ਵਿੱਚ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਉਂਦੇ ਹੀ ਦਿੱਲੀ ਵਿੱਚ ਝੀਲਾਂ ਦੀ ਗਿਣਤੀ ਵਧਾ ਦਿੱਤੀ ਹੈ। ਭਾਜਪਾ ਸਰਕਾਰ ਬਹੁਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਵਿੱਚ ਵੱਖ-ਵੱਖ ਥਾਵਾਂ ’ਤੇ ਝੀਲਾਂ ਦੀ ਗਿਣਤੀ ਵਧਾ ਰਹੀ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਤਾਂ ਪਟਪੜਗੰਜ ਵਿੱਚ ਸਿਰਫ਼ ਇੱਕ ਸਕੂਲ ਅਤੇ ਦੋ-ਤਿੰਨ ਸਵੀਮਿੰਗ ਪੂਲ ਹੀ ਬਣਾ ਸਕੇ, ਪਰ ਹੁਣ ਆਈ ਭਾਜਪਾ ਸਰਕਾਰ ਨੇ ਪੂਰੇ ਹਾਈਵੇਅ ’ਤੇ ਸਵੀਮਿੰਗ ਪੂਲ ਬਣਾਏ ਹਨ ਅਤੇ ਸਰਕਾਰ ਦਿੱਲੀ ਦੇ ਲੋਕਾਂ ਨੂੰ ਤੈਰਨ ਲਈ ਕਹਿ ਰਹੀ ਹੈ।