ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਵਿਸ਼ਾਲ ਸਰਬ ਧਰਮ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਧਰਮ ਗੁਰੂ ਸ਼ਾਮਲ ਹੋਏ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਕਪਿਲ ਮਿਸ਼ਰਾ ਪਹੁੰਚੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਚੈਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਦੁਨੀਆਂ ਵਿਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਗੁਰੂ ਸਾਹਿਬ ਨੇ ਦੂਜੇ ਧਰਮ ਦੀ ਰਾਖੀ ਵਾਸਤੇ ਸ਼ਹਾਦਤ ਦੇ ਕੇ ਨਿਵੇਕਲਾ ਇਤਿਹਾਸ ਰਚਿਆ ਹੈ। ਕੈਬਨਿਟ ਮੰਤਰੀ ਕਪਿਲ ਮਿਸ਼ਰਾ ਨੇ ਦੱਸਿਆ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਵਿਆਪਕ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿਚ ਲਾਲ ਕਿਲ੍ਹੇ ’ਤੇ ਤਿੰਨ ਦਿਨਾਂ ਸਮਾਗਮ ਹੋਣਗੇ ਜਿਨ੍ਹਾਂ ਵਿਚ ਕੀਰਤਨ ਵੀ ਹੋਵੇਗਾ ਅਤੇ ਅਸਥਾਈ ਮਿਊਜ਼ੀਅਮ ਵੀ ਬਣੇਗਾ। ਇਕ ਮਹੀਨੇ ਤੱਕ ਲਾਈਟ ਐਂਡ ਸਾਊਂਡ ਸ਼ੋਅ ਚੱਲੇਗਾ।
ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ, ਸਵਾਮੀ ਚਿਦਾਨੰਦ ਸਰਸਵਤੀ, ਸ੍ਰੀ ਗੋਸਵਾਮੀ ਸੁਸ਼ੀਲ ਜੀ, ਸਣੇ ਹੋਰ ਕਈ ਧਰਮ ਗੁਰੂ ਹਾਜ਼ਰ ਰਹੇ।