ਅਲ ਫਲਾਹ ਦੇ ਚੇਅਰਮੈਨ ਨੂੰ 13 ਦਿਨਾਂ ਲਈ ਈਡੀ ਹਿਰਾਸਤ ’ਚ ਭੇਜਿਆ
ਦਿੱਲੀ ਦੀ ਇੱਕ ਅਦਾਲਤ ਨੇ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ 1 ਦਸੰਬਰ ਤੱਕ 13 ਦਿਨਾਂ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇੱਕ ਵਿਸਤ੍ਰਿਤ ਰਿਮਾਂਡ ਆਰਡਰ ਵਿੱਚ ਅਦਾਲਤ ਨੇ ਨੋਟ ਕੀਤਾ ਕਿ ਇਹ ਮੰਨਣ ਦੇ ਵਾਜਬ ਆਧਾਰ ਮੌਜੂਦ ਹਨ ਕਿ ਉਸ ਨੇ ਵੱਡੇ ਪੱਧਰ 'ਤੇ ਧੋਖਾਧੜੀ, ਜਾਅਲੀ ਮਾਨਤਾ ਦੇ ਦਾਅਵਿਆਂ ਅਤੇ ਅਲ-ਫਲਾਹ ਯੂਨੀਵਰਸਿਟੀ ਦੇ ਈਕੋਸਿਸਟਮ ਤੋਂ ਫੰਡਾਂ ਨੂੰ ਮੋੜਨ ਨਾਲ ਜੁੜੇ ਮਨੀ ਲਾਂਡਰਿੰਗ ਦਾ ਅਪਰਾਧ ਕੀਤਾ ਹੈ।
ਅਡੀਸ਼ਨਲ ਸੈਸ਼ਨ ਜੱਜ ਸ਼ੀਤਲ ਚੌਧਰੀ ਪ੍ਰਧਾਨ ਵੱਲੋਂ ਅੱਧੀ ਰਾਤ ਤੋਂ ਤੁਰੰਤ ਬਾਅਦ ਆਪਣੇ ਕੈਂਪ ਦਫ਼ਤਰ ਵਿਖੇ ਪਾਸ ਕੀਤੇ ਗਏ ਹੁਕਮ ਵਿੱਚ ਦਰਜ ਹੈ ਕਿ ਸਿੱਦੀਕੀ ਨੂੰ 18 ਨਵੰਬਰ ਦੀ ਦੇਰ ਰਾਤ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ.ਐਮ.ਐਲ.ਏ.)1 ਦੀ ਧਾਰਾ 19 ਦੀ ਪਾਲਣਾ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਈ.ਡੀ. ਨੇ ਧੋਖਾਧੜੀ, ਗਲਤ ਬਿਆਨੀ ਅਤੇ ਸ਼ੱਕੀ ਅਪਰਾਧ ਦੀ ਕਮਾਈ ਦੀ ਗਤੀਵਿਧੀ ਦੇ ਠੋਸ ਸਬੂਤਾਂ ਦੇ ਆਧਾਰ 'ਤੇ ਹਿਰਾਸਤੀ ਪੁੱਛਗਿੱਛ ਦੀ ਮੰਗ ਕੀਤੀ ਸੀ।
ਈ.ਡੀ. ਦੀਆਂ ਦਲੀਲਾਂ ਦੀ ਜਾਂਚ ਕਰਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਪੜਾਅ 'ਤੇ ਹੈ। ਕਥਿਤ ਵਿੱਤੀ ਅਪਰਾਧ ਗੰਭੀਰ ਹਨ ਅਤੇ ਅਪਰਾਧ ਦੀ ਹੋਰ ਕਮਾਈ ਦਾ ਪਤਾ ਲਗਾਉਣ, ਦਾਗੀ ਸੰਪਤੀਆਂ ਦੇ ਨਿਪਟਾਰੇ ਨੂੰ ਰੋਕਣ ਅਤੇ ਗਵਾਹਾਂ 'ਤੇ ਪ੍ਰਭਾਵ ਜਾਂ ਇਲੈਕਟ੍ਰਾਨਿਕ ਤੇ ਵਿੱਤੀ ਰਿਕਾਰਡਾਂ ਨੂੰ ਨਸ਼ਟ ਕਰਨ ਤੋਂ ਬਚਣ ਲਈ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ 18 ਨਵੰਬਰ ਨੂੰ ਅਲ-ਫਲਾਹ ਚੈਰੀਟੇਬਲ ਟਰੱਸਟ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੇ ਸਬੰਧ ਵਿੱਚ ਸਿੱਦੀਕੀ ਨੂੰ ਪੀ.ਐੱਮ.ਐਲ.ਏ.2 ਦੀ ਧਾਰਾ 19 ਤਹਿਤ ਗ੍ਰਿਫ਼ਤਾਰ ਕੀਤਾ। ਈ.ਡੀ. ਦੀ ਇਹ ਕਾਰਵਾਈ 13 ਨਵੰਬਰਨੂੰ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਦਰਜ ਕੀਤੀਆਂ ਗਈਆਂ ਦੋ ਐੱਫ ਆਈ ਆਰ’ਜ਼ ਤੋਂ ਬਾਅਦ ਹੋਈ ਹੈ।
