ਹਵਾ ਦੀ ਗੁਣਵੱਤਾ ‘ਗੰਭੀਰ’: ਦਿੱਲੀ-ਐਨਸੀਆਰ ਵਿੱਚ GRAP 3 ਲਾਗੂ
CAQM ਦੀ ਉਪ-ਕਮੇਟੀ ਨੇ ਮੰਗਲਵਾਰ ਸਵੇਰੇ AQI 425 ਤੱਕ ਵਧਣ ਤੋਂ ਬਾਅਦ ਇਹ ਉਪਾਅ ਲਾਗੂ ਕੀਤੇ ਹਨ। ਕਮੇਟੀ ਨੇ ਅਚਾਨਕ ਆਏ ਇਸ ਉਛਾਲ ਪਿੱਛੇ ਸ਼ਾਂਤ ਹਵਾਵਾਂ, ਇੱਕ ਸਥਿਰ ਵਾਯੂਮੰਡਲ ਅਤੇ ਪ੍ਰਤੀਕੂਲ ਮੌਸਮ ਵਿਗਿਆਨ ਦੀਆਂ ਸਥਿਤੀਆਂ ਨੂੰ ਮੁੱਖ ਕਾਰਕ ਦੱਸਿਆ ਹੈ।
CAQM ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਲਿਖਿਆ, ‘‘ਹਵਾ ਦੀ ਗੁਣਵੱਤਾ ਦੇ ਮੌਜੂਦਾ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਉਪ-ਕਮੇਟੀ ਨੇ ਅੱਜ ਸਮੁੱਚੇ NCR ਵਿੱਚ ਮੌਜੂਦਾ GRAP ਦੀ ਸਟੇਜ-III ਤਹਿਤ ਸਾਰੀਆਂ ਕਾਰਵਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਹ ਪਹਿਲਾਂ ਹੀ NCR ਵਿੱਚ ਲਾਗੂ GRAP ਦੀਆਂ ਸਟੇਜ I ਅਤੇ II ਤਹਿਤ ਕਾਰਵਾਈਆਂ ਤੋਂ ਇਲਾਵਾ ਹੈ।’’
GRAP ਦੀ ਸਟੇਜ III ਤਹਿਤ ਕਈ ਵਾਧੂ ਪਾਬੰਦੀਆਂ ਲਾਗੂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਸੜਕਾਂ, ਰੇਲਵੇ ਅਤੇ ਹਵਾਈ ਅੱਡਿਆਂ ਵਰਗੇ ਜ਼ਰੂਰੀ ਪ੍ਰੋਜੈਕਟਾਂ ਨੂੰ ਛੱਡ ਕੇ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਸ਼ਾਮਲ ਹੈ। ਗੈਰ-ਪ੍ਰਵਾਨਿਤ ਈਂਧਨ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਨੂੰ ਵੀ ਕੰਮ ਬੰਦ ਕਰਨ ਦੀ ਲੋੜ ਹੁੰਦੀ ਹੈ, ਜਦੋਂ ਕਿ ਏਜੰਸੀਆਂ ਨੂੰ ਮਕੈਨੀਕਲ ਸੜਕ ਸਫ਼ਾਈ ਅਤੇ ਪਾਣੀ ਦਾ ਛਿੜਕਾਅ ਕਰਕੇ ਧੂੜ ਦਬਾਉਣ ਦੇ ਕੰਮ ਨੂੰ ਤੇਜ਼ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
CAQM ਨੇ ਨੋਟ ਕੀਤਾ ਕਿ ਇਸ ਫੈਸਲੇ ਦਾ ਉਦੇਸ਼ ਖੇਤਰ ਵਿੱਚ ਹਵਾ ਦੀ ਗੁਣਵੱਤਾ ਨੂੰ ਹੋਰ ਵਿਗੜਨ ਤੋਂ ਰੋਕਣਾ ਅਤੇ ਇਹ ਪਹਿਲਾਂ ਹੀ ਸਟੇਜ I ਅਤੇ II ਤਹਿਤ ਲਾਗੂ ਕੀਤੇ ਗਏ ਉਪਾਵਾਂ ਤੋਂ ਇਲਾਵਾ ਹੈ।
GRAP ਸਟੇਜ III 'ਗੰਭੀਰ' ਸ਼੍ਰੇਣੀ ਨਾਲ ਮੇਲ ਖਾਂਦੀ ਹੈ, ਜੋ ਉਦੋਂ ਲਾਗੂ ਹੁੰਦੀ ਹੈ ਜਦੋਂ AQI 401 ਤੋਂ 450 ਦੇ ਵਿਚਕਾਰ ਹੁੰਦਾ ਹੈ।
ਇਸ ਦੌਰਾਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਸੀ, ਜਿਸਦਾ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (AQI) ਸਵੇਰੇ 7 ਵਜੇ 421 ਦਰਜ ਕੀਤਾ ਗਿਆ।
ਸ਼ਹਿਰ ਦੇ ਕਈ ਹਿੱਸਿਆਂ ਵਿੱਚ AQI ਰੀਡਿੰਗ 400-ਅੰਕ ਨੂੰ ਪਾਰ ਕਰ ਗਈ, ਜਿਸ ਨਾਲ ਚਿੰਤਾਜਨਕ ਪ੍ਰਦੂਸ਼ਣ ਦਾ ਪੱਧਰ ਦਰਜ ਕੀਤਾ ਗਿਆ।
CPCB ਦੇ ਅੰਕੜਿਆਂ ਅਨੁਸਾਰ, ਆਨੰਦ ਵਿਹਾਰ ਵਿੱਚ AQI 412, ਅਲੀਪੁਰ ਵਿੱਚ 442, ਅਤੇ ਬਵਾਨਾ ਵਿੱਚ ਸਭ ਤੋਂ ਵੱਧ 462 ਦਰਜ ਕੀਤਾ ਗਿਆ। ਚਾਂਦਨੀ ਚੌਕ ਵਿੱਚ AQI 416 ਦਰਜ ਕੀਤਾ ਗਿਆ, ਜਦੋਂ ਕਿ ਆਰਕੇ ਪੁਰਮ ਅਤੇ ਪਟਪੜਗੰਜ ਵਿੱਚ ਕ੍ਰਮਵਾਰ 446 ਅਤੇ 438 ਦਰਜ ਕੀਤਾ ਗਿਆ।
ਭਾਵੇਂ ਕਿ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੀ ਸਟੇਜ 2 ਲਾਗੂ ਹੈ ਪਰ ਦੀਵਾਲੀ ਤੋਂ ਬਾਅਦ ਦਿੱਲੀ ਅਤੇ NCR ਵਿੱਚ ਕਈ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕ (AQI) 'ਖਰਾਬ' ਅਤੇ 'ਬਹੁਤ ਖਰਾਬ' ਸ਼੍ਰੇਣੀਆਂ ਦੇ ਅਧੀਨ ਰਿਹਾ ਹੈ।
