ਹਵਾ ਦੀ ਗੁਣਵੱਤਾ ‘ਮਾੜੀ ਸ਼੍ਰੇਣੀ’ ’ਚ ਬਰਕਰਾਰ
ਕੌਮੀ ਰਾਜਧਾਨੀ ਵਿੱਚ ਅੱਜ ਹਵਾ ਦੀ ਗੁਣਵੱਤਾ ‘ਮਾੜੀ’ ਸ਼੍ਰੇਣੀ ਵਿੱਚ ਰਹੀ। ਸ਼ਹਿਰ ਦੇ ਕੁਝ ਹਿੱਸਿਆਂ ਉਪਰ ਧੂੰਏਂ ਦੀ ਪਰਤ ਛਾਈ ਰਹੀ ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਸਵੇਰੇ 8 ਵਜੇ ਏ ਕਿਊ ਆਈ 292 ਸੀ। ਇਹ ਅੰਕੜਾ ਬੀਤੇ ਹਫ਼ਤਿਆਂ ਤੋਂ ਬਿਹਤਰ ਹੈ। ਇੰਡੀਆ ਗੇਟ ਅਤੇ ਕਰਤੱਵਯਾ ਮਾਰਗ ’ਤੇ ਸਵੇਰੇ ਅਸਮਾਨ ਵਿੱਚ ਸਲੇਟੀ ਧੁੰਦ ਛਾਈ ਰਹੀ। ਖੇਤਰ ਦੇ ਆਲੇ-ਦੁਆਲੇ ਏਕਿਊਆਈ 265 ਸੀ ਜਿਸ ਨੂੰ ‘ਮਾੜੀ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਆਈ ਟੀ ਓ ਵਿੱਚ ਹਵਾ ਗੁਣਵੱਤਾ ਦਾ ਪੱਧਰ 294, ਅਲੀਪੁਰ ਵਿੱਚ 282, ਆਯਾ ਨਗਰ ਵਿੱਚ 253 ਅਤੇ ਬੁਰਾੜੀ ਵਿੱਚ 291 ਦਰਜ ਕੀਤਾ ਗਿਆ ਹੈ। ਇਸ ਦੌਰਾਨ ਅਕਸ਼ਰਧਾਮ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਜ਼ਿਆਦਾ ਸੀ। ਏਕਿਊਆਈ 319 ਨੂੰ ਛੂਹ ਗਿਆ ਜਿਸ ਨਾਲ ਇਸ ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰੱਖਿਆ ਗਿਆ। ਗਾਜ਼ੀਪੁਰ ਅਤੇ ਆਨੰਦ ਵਿਹਾਰ ਤੋਂ ਵੀ ਇਸੇ ਤਰ੍ਹਾਂ ਦੀਆਂ ਸਥਿਤੀਆਂ ਦੀ ਰਿਪੋਰਟ ਕੀਤੀ ਗਈ, ਜਿੱਥੇ ਏਕਿਊਆਈ ਵੀ 319 ’ਤੇ ਸਥਿਰ ਰਿਹਾ। ਅਸ਼ੋਕ ਵਿਹਾਰ (305), ਬਵਾਨਾ (342), ਆਨੰਦ ਵਿਹਾਰ (319), ਚਾਂਦਨੀ ਚੌਕ (333), ਅਤੇ ਦਵਾਰਕਾ (314) ਸਮੇਤ ਕਈ ਹੋਰ ਮੁੱਖ ਸਟੇਸ਼ਨ ‘ਬਹੁਤ ਮਾੜੇ’ ਸ਼੍ਰੇਣੀ ਵਿੱਚ ਰਹੇ ਜੋ ਕਿ ਦਿੱਲੀ ਭਰ ਵਿੱਚ ਪ੍ਰਦੂਸ਼ਣ ਦੀ ਵਿਆਪਕ ਪ੍ਰਕਿਰਤੀ ਨੂੰ ਉਜਾਗਰ ਕਰਦੇ ਹਨ। ਏਕਿਊਆਈ ਵਰਗ ਅਨੁਸਾਰ 0-50 ‘ਚੰਗਾ’, 51-100 ‘ਸੰਤੁਸ਼ਟੀਜਨਕ’, 101-200 ‘ਮੱਧਮ’, 201-300 ‘ਮਾੜਾ’, 301-400 ‘ਬਹੁਤ ਮਾੜੇ’, ਅਤੇ 401-500 ‘ਗੰਭੀਰ’ ਹੈ। ‘ਆਪ’ ਦਿੱਲੀ ਦੇ ਕਨਵੀਨਰ ਸੌਰਭ ਭਾਰਤਵਾਜ ਨੇ ਕਿਹਾ ਕਿ ਕੇਂਦਰੀ ਦਿੱਲੀ ਵਿੱਚ ਪੁਨਰ ਵਿਕਾਸ ਨੇ ਪ੍ਰਦੂਸ਼ਣ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦੱਖਣੀ ਦਿੱਲੀ ਰਿਜ ਵਿੱਚ ਰੁੱਖ ਗੈਰ-ਕਾਨੂੰਨੀ ਤੌਰ ’ਤੇ ਕੱਟੇ ਗਏ ਤੇ ਪੁਨਰ ਵਿਕਾਸ ਨੇ ਕੇਂਦਰੀ ਦਿੱਲੀ ਵਿੱਚ ਪੂਰੀ ਹਰੀ ਪੱਟੀ ਨੂੰ ਤਬਾਹ ਕਰ ਦਿੱਤਾ ਹੈ।
