Air Quality Index: ਦਿੱਲੀ ਵਿਚ ਹਵਾ ਹੋਈ ‘ਜ਼ਹਿਰੀਲੀ’, ਹਰਿਆਣਾ ਪੰਜਾਬ ਵਿਚ ਹਵਾ ਗੁਣਵੱਤਾ ਦਾ ਪੱਧਰ ‘ਬੇਹੱਦ ਖ਼ਰਾਬ’
Delhi AQI: ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ (AQI) ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦੋਂ ਕਿ ਗੁਆਂਢੀ ਪੰਜਾਬ ਵਿੱਚ ਇਹ ‘ਮਾੜੀ’ ਸ਼੍ਰੇਣੀ ਵਿੱਚ ਰਹੀ। ਇਸ ਦੌਰਾਨ, ਦਿੱਲੀ ਵਿੱਚ ਹਵਾ ਦੀ ਗੁਣਵੱਤਾ ਜ਼ਹਿਰੀਲੀ ਹੋ ਗਈ ਹੈ।
ਦਿੱਲੀ ਵਿੱਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (AQI) 335 ਸੀ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ 0 ਤੋਂ 50 ਦੇ ਵਿਚਕਾਰ AQI ਨੂੰ ‘ਚੰਗਾ’, 51 ਅਤੇ 100 ਨੂੰ ‘ਤਸੱਲੀਬਖ਼ਸ਼’, 101 ਅਤੇ 200 ਨੂੰ ‘ਦਰਮਿਆਨਾ’, 201 ਅਤੇ 300 ਨੂੰ ‘ਮਾੜਾ’, 301 ਅਤੇ 400 ਨੂੰ ‘ਬਹੁਤ ਮਾੜਾ’ ਅਤੇ 401 ਅਤੇ 500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ, ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਵਿੱਚ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (AQI) 382 ਸੀ। ਨਾਰਨੌਲ ਅਤੇ ਜੀਂਦ ਵਿੱਚ ਵੀ 367 ਦਾ AQI ਦਰਜ ਕੀਤਾ ਗਿਆ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ।
CPCB ਦੇ SAMEER ਐਪ ਅਨੁਸਾਰ ‘ਬਹੁਤ ਮਾੜੀ’ ਹਵਾ ਦੀ ਗੁਣਵੱਤਾ ਵਾਲੇ ਹੋਰ ਸਥਾਨਾਂ ਵਿੱਚ ਚਰਖੀ ਦਾਦਰੀ (362), ਰੋਹਤਕ (358), ਯਮੁਨਾਨਗਰ (347), ਫਤਿਹਾਬਾਦ (320) ਅਤੇ ਬੱਲਭਗੜ੍ਹ (318) ਸ਼ਾਮਲ ਹਨ। ਹਰਿਆਣਾ ਵਿੱਚ ‘ਖਰਾਬ’ AQI ਵਾਲੇ ਸਥਾਨਾਂ ਵਿੱਚ ਬਹਾਦਰਗੜ੍ਹ (272), ਗੁਰੂਗ੍ਰਾਮ (290), ਕਰਨਾਲ (243), ਭਿਵਾਨੀ (298), ਫਰੀਦਾਬਾਦ (218), ਕੈਥਲ (237), ਕਰਨਾਲ (243), ਕੁਰੂਕਸ਼ੇਤਰ (226) ਅਤੇ ਸੋਨੀਪਤ (285) ਸ਼ਾਮਲ ਹਨ।
ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਸਵੇਰੇ 9 ਵਜੇ AQI 253 ਦਰਜ ਕੀਤਾ ਗਿਆ, ਇਸ ਤੋਂ ਬਾਅਦ ਜਲੰਧਰ ਵਿੱਚ 261, ਪਟਿਆਲਾ ਵਿੱਚ 207 ਅਤੇ ਲੁਧਿਆਣਾ ਵਿੱਚ 234 ਤੇ ਚੰਡੀਗੜ੍ਹ ਵਿੱਚ 169 AQI ਦਰਜ ਕੀਤਾ ਗਿਆ।