ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ਹੋਰ ਵਿਗੜੀ
ਕੌਮੀ ਰਾਜਧਾਨੀ ’ਚ ਹਵਾ ਅਜੇ ਵੀ ਪ੍ਰਦੂਸ਼ਣ ਦੀ ਮਾਰ ਹੇਠ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਹੋਰ ਵੀ ਵਿਗੜ ਗਈ, ਏਮਜ਼ ਤੇ ਆਸ-ਪਾਸ ਦੇ ਖੇਤਰਾਂ ਦੇ ਨੇੜੇ ਏ ਕਿਊ ਆਈ 421 ਨੂੰ ਛੂਹ ਗਿਆ, ਜਿਸ ਨਾਲ ਇਸ ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਸ਼ਨਿਚਰਵਾਰ ਨੂੰ ਸ਼ਹਿਰ ਭਰ ਵਿੱਚ ਔਸਤ ਏ ਕਿਊ ਆਈ 245 ’ਤੇ ਰਹਿਣ ਤੋਂ ਬਾਅਦ ਹਵਾ ਦੀ ਗੁਣਵੱਤਾ ਵਿਗੜਦੀ ਜਾ ਰਹੀ ਹੈ, ਜੋ ਕਿ ‘ਮਾੜੀ’ ਸ਼੍ਰੇਣੀ ਵਿੱਚ ਆਉਂਦੀ ਹੈ। ਇਹ ਵਾਧਾ 24 ਘੰਟਿਆਂ ਅੰਦਰ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧੇ ਨੂੰ ਦਰਸਾਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸਵੇਰੇ 8 ਵਜੇ ਮੁੱਖ ਨਿਗਰਾਨੀ ਸਥਾਨਾਂ ’ਤੇ ਏ ਕਿਊ ਆਈ ਦੇ ਵੱਖ-ਵੱਖ ਮਾਪ ਸਾਹਮਣੇ ਆਏ। ਆਨੰਦ ਵਿਹਾਰ (298), ਅਲੀਪੁਰ (258), ਅਸ਼ੋਕ ਵਿਹਾਰ (404), ਚਾਂਦਨੀ ਚੌਕ (414), ਦਵਾਰਕਾ ਸੈਕਟਰ-8 (407), ਆਈਟੀਓ (312), ਮੰਦਰ ਮਾਰਗ (367), ਓਖਲਾ ਫੇਜ਼-2 (382), ਪਟਪੜਗੰਜ (378), ਪੰਜਾਬੀ ਬਾਗ (403), ਆਰਕੇ ਪੁਰਮ (421), ਲੋਧੀ ਰੋਡ (364), ਰੋਹਿਣੀ (415), ਅਤੇ ਸਿਰੀਫੋਰਟ (403) ‘ਤੇ ਰਿਹਾ। ਇਨ੍ਹਾਂ ’ਚੋਂ ਕਈ ਇਲਾਕਿਆਂ ਵਿੱਚ ‘ਗੰਭੀਰ’ ਜਾਂ ‘ਬਹੁਤ ਗੰਭੀਰ’ ਅੰਕੜੇ ਸਾਹਮਣੇ ਆਏ ਹਨ। ਪ੍ਰਸ਼ਾਸਨ ਵੱਲੋਂ ਧੂੰਏ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਉਪਾਅ ਅਮਲ ’ਚ ਲਿਆਂਦੇ ਜਾ ਰਹੇ ਹਨ।
ਦਿੱਲੀ ’ਚ ਬੀ ਐੱਸ 3 ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਜਾਰੀ
ਕੌਮੀ ਰਾਜਧਾਨੀ ਵਿੱਚ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਕੰਟਰੋਲ ਕਰਨ ਲਈ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਪਹਿਲੀ ਨਵੰਬਰ ਤੋਂ ਦਿੱਲੀ ਵਿੱਚ ਰਜਿਸਟਰਡ ਨਾ ਹੋਣ ਵਾਲੇ ਸਾਰੇ ਬੀ ਐੱਸ-3 ਅਤੇ ਮਿਆਰ ਤੋਂ ਘੱਟ ਵਪਾਰਕ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਟਰਾਂਸਪੋਰਟ ਇਨਫੋਰਸਮੈਂਟ ਟੀਮ ਦੇ ਸਬ ਇੰਸਪੈਕਟਰ, ਧਰਮਵੀਰ ਕੌਸ਼ਿਕ ਨੇ ਕਿਹਾ ਕਿ ਬੀ ਐੱਸ-3 ਵਾਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ।
ਜੀਂਦ ’ਚ ਧੂੰਏ ਕਾਰਨ ਲੋਕ ਪ੍ਰੇਸ਼ਾਨ
ਜੀਂਦ (ਪੱਤਰ ਪ੍ਰੇਰਕ): ਕਈ ਦਿਨਾਂ ਤੋਂ ਜੀਂਦ ਵਿੱਚ ਏ ਕਿਊ ਆਈ 200 ਤੋਂ 300 ਦੇ ਵਿਚਕਾਰ ਰਹਿਣ ਕਾਰਨ ਹਵਾ ’ਚ ਕਾਫ਼ੀ ਪ੍ਰਦੂਸ਼ਣ ਵਧਿਆ ਹੋਇਆ ਹੈ। ਧੂੰਏ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਬੀਤੇ ਦਿਨ ਏਅਰ ਕੁਆਲਿਟੀ ਇੰਡੈਕਸ 400 ਤੋਂ ਵੀ ਪਾਰ ਕੀਤਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਸ਼ਹਿਰ ਧੂੰਏ ਦੀ ਚਿੱਟੀ ਚਾਦਰ ਨਾਲ ਢਕਿਆ ਪ੍ਰਤੀਤੀ ਹੋ ਰਿਹਾ ਹੈ। ਪਿਛਲੇ ਦਿਨੀਂ ਸਵੇਰੇ 6 ਵਜੇ ਦੇ ਕਰੀਬ ਆਸਮਾਨ ਵਿੱਚ ਧੂੰਏ ਦੇ ਗੁਭਾਰ ਨਜ਼ਰ ਆਏ, ਜੋ ਦੇਰ ਸ਼ਾਮ ਤੱਕ ਛਾਏ ਰਹੇ। ਇਸ ਧੂੰਏ ਨੇ ਆਮ ਲੋਕਾਂ ਨੂੰ ਕਾਫ਼ੀ ਪ੍ਰਸ਼ਾਨ ਕੀਤਾ। ਲੋਕਾਂ ਨੂੰ ਅੱਖਾਂ ਵਿੱਚ ਭਾਰੀ ਜਲਨ ਮਹਿਸੂਸ ਹੋਈ। ਸ਼ਹਿਰ ਦੇ ਡਾਕਟਰਾਂ ਨੇ ਵੀ ਲੋਕਾਂ ਨੂੰ ਇਸ ਧੂੰਏ ਤੋਂ ਬਚਣ ਲਈ ਕਿਹਾ ਹੈ, ਖਾਸ ਕਰ ਕੇ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ। ਆਸਮਾਨ ਵਿੱਚ ਚੜ੍ਹੇ ਧੂੰਏ ਕਾਰਨ ਧੁੱਪ ਵੀ ਨਹੀਂ ਨਿਕਲਦੀ। ਸੜਕਾਂ ਉੱਤੇ ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਦਿਨ ਵੇਲੇ ਵੀ ਆਨ ਕਰ ਕੇ ਲੰਘਣਾ ਪੈ ਰਿਹਾ ਹੈ।
