ਦਿੱਲੀ ਵਿੱਚ ਹਵਾ ਦੀ ਗੁਣਵੱਤਾ ਹੋਰ ਨਿੱਘਰੀ
ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਸਵੇਰੇ ਹਵਾ ਪ੍ਰਦੂਸ਼ਣ ਹੋਰ ਵਧਣ ਕਾਰਨ ਹਵਾ ਗੁਣਵੱਤਾ ਸੂਚਕ ਅੰਕ 397 ਨਾਲ ਗੰਭੀਰ ਸ਼੍ਰੇਣੀ ਵਿੱਚ ਪੁੱਜ ਗਿਆ ਹੈ। ਇਸ ਦੌਰਾਨ ਧੁਆਂਖੀ ਧੁੰਦ ਦੀ ਸੰਘਣੀ ਚਾਦਰ ਨਾਲ ਸ਼ਹਿਰ ਢਕਿਆ ਗਿਆ ਤੇ ਦੂਰ ਤੱਕ ਦਿਸਣ ਹੱਦ ਨਾਮਾਤਰ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਅਨੁਸਾਰ ਦਿੱਲੀ ਦੇ ਕੁੱਲ 21 ਨਿਗਰਾਨੀ ਕੇਂਦਰਾਂ ਵਿੱਚ ਏ ਕਿਊ ਆਈ 400 ਤੋਂ ਵੱਧ ਦਰਜ ਕੀਤਾ ਗਿਆ ਹੈ ਜੋ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਵਜ਼ੀਰਪੁਰ ਵਿੱਚ ਏ ਕਿਊ ਆਈ ਸਭ ਤੋਂ ਵੱਧ 445, ਵਿਵੇਕ ਵਿਹਾਰ ਵਿੱਚ 444, ਜਹਾਂਗੀਰਪੁਰੀ ਵਿੱਚ 442, ਆਨੰਦ ਵਿਹਾਰ ਵਿੱਚ 439, ਅਸ਼ੋਕ ਵਿਹਾਰ ਅਤੇ ਰੋਹਿਣੀ ਵਿੱਚ 437 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਨਰੇਲਾ ਵਿੱਚ ਏ ਕਿਊ ਆਈ 432, ਪਟਪੜਗੰਜ ਵਿੱਚ 431, ਮੁੰਡਕਾ ਵਿੱਚ 430, ਬਵਾਨਾ, ਆਈ ਟੀ ਓ ਅਤੇ ਨਹਿਰੂ ਨਗਰ ਵਿੱਚ 429 ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਚਾਂਦਨੀ ਚੌਕ ਅਤੇ ਪੰਜਾਬੀ ਬਾਗ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 423 ਦਰਜ ਕੀਤਾ ਗਿਆ, ਜਦੋਂ ਕਿ ਸਿਰੀ ਫੋਰਟ ਅਤੇ ਸੋਨੀਆ ਵਿਹਾਰ ਵਿੱਚ ਇਹ 424 ਸੀ। ਇਸ ਤੋਂ ਇਲਾਵਾ ਬੁਰਾੜੀ ਕਰਾਸਿੰਗ ਵਿੱਚ ਏ ਕਿਊ ਆਈ 414 ਦਰਜ ਕੀਤਾ ਗਿਆ ਹੈ। ਸੀ ਪੀ ਸੀ ਬੀ ਅਨੁਸਾਰ ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ 409, ਉੱਤਰੀ ਕੈਂਪਸ ਅਤੇ ਆਰ ਕੇ ਪੁਰਮ ਵਿੱਚ 408-408 ਅਤੇ ਓਖਲਾ ਫੇਜ਼-2 ਵਿੱਚ 404 ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਾਹਰ ਜਾਣ ਸਮੇਂ ਮਾਸਕ ਜਾਂ ਕੱਪੜੇ ਨਾਲ ਮੂੰਹ ਢਕਿਆ ਜਾਵੇ। ਲੋਕਾਂ ਨੂੰ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਨੇ ਅਗਲੇ ਛੇ ਦਿਨ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਵਿੱਚ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਦੇ ਅਨੁਸਾਰ ਦਿੱਲੀ ਦੀ ਹਵਾ ਦੀ ਗੁਣਵੱਤਾ ਹੋਰ ਵਿਗੜਨ ਦੀ ਸੰਭਾਵਨਾ ਹੈ ਜਿਸ ਕਾਰਨ ਐਤਵਾਰ ਨੂੰ ਸਥਿਤੀ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਸਕਦੀ ਹੈ।
