ਦਿੱਲੀ ’ਚ ਹਵਾ ‘ਮਾੜੀ ਸ਼੍ਰੇਣੀ’ ਵਿੱਚ ਬਰਕਰਾਰ
ਧੁਆਂਖੀ ਧੁੰਦ ਕਾਰਨ ਲੋਕ ਪ੍ਰੇਸ਼ਾਨ; ਤਾਪਮਾਨ ਆਮ ਨਾਲੋਂ 1.2 ਡਿਗਰੀ ਘਟਿਆ; ਗੁਣਵੱਤਾ ਸੂਚਕ ਅੰਕ 241
ਕੌਮੀ ਰਾਜਧਾਨੀ ਦਿੱਲੀ ’ਚ ਧੁਆਂਖੀ ਧੁੰਦ ਦਾ ਕਹਿਰ ਜਾਰੀ ਹੈ। ਜਿਵੇਂ ਜਿਵੇਂ ਮੌਸਮ ਠੰਢਾ ਹੋ ਰਿਹਾ ਹੈ, ਉਸੇ ਤਰ੍ਹਾਂ ਦੇਖਣ ਦੀ ਸਮੱਰਥਾ ਘੱਟਦੀ ਜਾ ਰਹੀ ਹੈ। ਇਸੇ ਤਰ੍ਹਾਂ ਅੱਜ ਦਿੱਲੀ ਵਿੱਚ ਅੱਜ ਘੱਟੋ ਘੱਟ ਤਾਪਮਾਨ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1.2 ਡਿਗਰੀ ਸੈਲਸੀਅਸ ਘੱਟ ਸੀ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ। ਉਨ੍ਹਾਂ ਆਖਿਆ ਕਿ ਕੌਮੀ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਿਹਾ ਤੇ ਸਵੇਰੇ 8.30 ਵਜੇ ਹਵਾ ’ਚ ਨਮੀ ਦੀ ਮਾਤਰਾ 74 ਪ੍ਰਤੀਸ਼ਤ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ’ਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 241 ਰਿਹਾ, ਜੋ ‘ਮਾੜੀ’ ਵਿੱਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਜੇਕਰ ਹਵਾ ਗੁਣਵੱਤਾ ਸੂਚਕ ਅੰਕ 0 ਤੋਂ 50 ਦੇ ਵਿਚਕਾਰ ਰਹਿੰਦਾ ਹੈ ਤਾਂ ਇਸ ਨੂੰ ਚੰਗੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਜੇਕਰ 51 ਤੋਂ 100 ਦੇ ਦਰਮਿਆਨ ਰਹਿੰਦਾ ਹੈ ਤਾਂ ਇਸ ਨੂੰ ਤਸੱਲੀਬਖ਼ਸ਼ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ 101 ਤੋਂ 200 ਤੱਕ ਦਰਮਿਆਨੀ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ 201 ਤੋਂ 300 ਨੂੰ ਮਾੜੀ ਸ਼੍ਰੇਣੀ, 301 ਤੋਂ 400 ਤੱਕ ਬਹੁਤ ਮਾੜੀ ਸ਼੍ਰੇਣੀ ਅਤੇ 401 ਤੋਂ 500 ਤੱਕ ਖ਼ਤਰਨਾਕ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਇਸ ਪ੍ਰਦੂਸ਼ਣ ਦਾ ਅਸਰ ਲੋਕਾਂ ਦੀ ਸਿਹਤ ’ਤੇ ਵੀ ਦਿਸਣ ਲੱਗਾ ਹੈ। ਹਸਪਤਾਲਾਂ ਵਿੱਚ ਸਾਹ ਲੈਣ ’ਚ ਤਕਲੀਫ਼, ਅੱਖਾਂ ਵਿੱਚ ਜਲਣ, ਗਲੇ ਵਿੱਚ ਖਰਾਸ਼ ਅਤੇ ਖੰਘ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਡਾਕਟਰਾਂ ਨੇ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਸਵੇਰ-ਸ਼ਾਮ ਦੀ ਸੈਰ ਤੋਂ ਪਰਹੇਜ਼ ਕਰਨ ਅਤੇ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਦਾ ਧੂੰਆਂ ਵਧਣ ਅਤੇ ਦੀਵਾਲੀ ਦੇ ਤਿਉਹਾਰ ਕਰਕੇ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।