AIR POLLUTION: SC ਦੀ CAQM ਨੂੰ ਹਦਾਇਤ: ਦਿੱਲੀ-NCR ਸਕੂਲਾਂ ਵਿੱਚ ਖੇਡ ਮੁਕਾਬਲੇ ਮੁਲਤਵੀ ਕਰੋ !
ਬੱਚਿਆਂ ਲਈ ਖੁੱਲ੍ਹੇ ਵਿੱਚ ਖੇਡਣਾ ਅਜਿਹੇ ਸਮੇਂ ਵਿੱਚ ਉਨ੍ਹਾਂ ਨੂੰ ਗੈਸ ਚੈਂਬਰ ਵਿੱਚ ਪਾਉਣ ਵਾਂਗ: SC
ਸੁਪਰੀਮ ਕੋਰਟ ਨੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੂੰ ਕਿਹਾ ਹੈ ਕਿ ਉਹ ਦਿੱਲੀ- ਐਨਸੀਆਰ ਦੇ ਸਕੂਲਾਂ ਨੂੰ ਇਹ ਵਿਚਾਰ ਕਰਨ ਲਈ ਕਹੇ ਕਿ ਨਵੰਬਰ ਅਤੇ ਦਸੰਬਰ ਵਿੱਚ ਖੁੱਲ੍ਹੇ ਆਸਮਾਨ ਹੇਠਾਂ ਹੋਣ ਵਾਲੇ ਖੇਡ ਮੁਕਾਬਲਿਆਂ ਨੂੰ ਪ੍ਰਦੂਸ਼ਣ ਦੇ ਪੱਧਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਲਤਵੀ ਕਰ ਦਿੱਤੇ ਜਾਣ।
ਸੀਨੀਅਰ ਵਕੀਲ ਅਪਰਾਜਿਤਾ ਸਿੰਘ, ਜੋ ਅਦਾਲਤ ਦੀ ਮਦਦ ਕਰ ਰਹੇ ਹਨ, ਨੇ ਕਿਹਾ ਕਿ ਬੱਚਿਆਂ ਲਈ ਖੁੱਲ੍ਹੇ ਵਿੱਚ ਖੇਡਣਾ ਅਜਿਹੇ ਸਮੇਂ ਵਿੱਚ ਉਨ੍ਹਾਂ ਨੂੰ ਗੈਸ ਚੈਂਬਰ ਵਿੱਚ ਪਾਉਣ ਵਾਂਗ ਹੈ।
ਚੀਫ਼ ਜਸਟਿਸ ਬੀ.ਆਰ. ਗਵਈ ਨੇ CAQM ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ’ਤੇ ਵਿਚਾਰ ਕਰੇ ਅਤੇ ਖੇਡ ਮੁਕਾਬਲਿਆਂ ਨੂੰ ਸੁਰੱਖਿਅਤ ਮਹੀਨਿਆਂ ਵਿੱਚ ਤਬਦੀਲ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰੇ।
SC ਨੇ ਕਿਹਾ ਕਿ ਪ੍ਰਦੂਸ਼ਣ ਵਿਰੋਧੀ ਰਣਨੀਤੀਆਂ ਨੂੰ ਲਗਾਤਾਰ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਇਸ ਮਾਮਲੇ ਦੀ ਹਰ ਮਹੀਨੇ ਸੁਣਵਾਈ ਕੀਤੀ ਜਾਵੇਗੀ। ਅਦਾਲਤ ਨੇ CAQM ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੂੰ ਹਾਲਾਤਾਂ ਨੂੰ ਦੇਖਦੇ ਹੋਏ, ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਤਹਿਤ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਦਿੱਤੀ।
ਅਦਾਲਤ ਨੇ GRAP ਪਾਬੰਦੀਆਂ ਕਾਰਨ ਬੇਰੋਜ਼ਗਾਰ ਹੋਏ ਉਸਾਰੀ ਖੇਤਰ ਦੇ ਮਜ਼ਦੂਰਾਂ ਦੇ ਮੁੱਦੇ ’ਤੇ ਵੀ ਗੱਲ ਕੀਤੀ। NCR ਰਾਜਾਂ (ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਅਤੇ ਰਾਜਸਥਾਨ) ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਅਗਲੀ ਸੁਣਵਾਈ ’ਤੇ ਮਜ਼ਦੂਰਾਂ ਨੂੰ ਗੁਜ਼ਾਰੇ ਭੱਤੇ (subsistence allowances) ਦੀ ਅਦਾਇਗੀ ਬਾਰੇ ਅਦਾਲਤ ਨੂੰ ਜਾਣਕਾਰੀ ਦੇਣ।
SC ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ CAQM ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇੱਕ ਸਾਂਝੀ ਮੀਟਿੰਗ ਕਰਨ ਦਾ ਨਿਰਦੇਸ਼ ਦਿੱਤਾ।
ਅਦਾਲਤ ਨੇ ਇੱਕ ਲੰਬੀ ਮਿਆਦ ਦੇ ਹੱਲ ਦੀ ਵਕਾਲਤ ਕੀਤੀ ਅਤੇ ਸਾਲ ਭਰ GRAP ਦੀਆਂ ਸਾਰੀਆਂ ਪਾਬੰਦੀਆਂ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਅਸਥਾਈ ਉਪਾਅ ਟਿਕਾਊ ਹੱਲ ਨਹੀਂ ਦੇ ਸਕਦੇ।

