ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੌਮੀ ਰਾਜਧਾਨੀ ਵਿੱਚ ਹਵਾ ਗੰਧਲੀ ਹੋਈ

ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 300 ਤੋਂ ਪਾਰ
ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਵੇਅ ’ਤੇ ਧੁਆਂਖੀ ਧੁੰਦ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਪੀਟੀਆਈ
Advertisement

ਦਿੱਲੀ ਦੇ ਅਸਮਾਨ ’ਤੇ ਇੱਕ ਵਾਰ ਫਿਰ ਪ੍ਰਦੂਸ਼ਣ ਦੇ ਗੂੜ੍ਹੇ ਬੱਦਲ ਛਾਉਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਕੌਮੀ ਰਾਜਧਾਨੀ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਅੱਜ ਸਵੇਰੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਾਖਲ ਹੋ ਗਈ, ਜੋ ਆਉਣ ਵਾਲੇ ਖ਼ਤਰਨਾਕ ਦਿਨਾਂ ਦਾ ਸੰਕੇਤ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਸਥਿਤੀ ਉਦੋਂ ਬਣੀ ਹੈ ਜਦੋਂ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਅਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈਆਂ ਹਨ।

ਅੱਜ ਸਵੇਰ ਦੇ ਅੰਕੜਿਆਂ ਨੇ ਚਿੰਤਾ ਹੋਰ ਵਧਾ ਦਿੱਤੀ, ਜਦੋਂ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 300 ਦੇ ਖਤਰਨਾਕ ਪੱਧਰ ਨੂੰ ਪਾਰ ਕਰ ਗਿਆ। ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ ’ਚੋਂ ਪੰਜ ਦਾ ਏ ਕਿਊ ਆਈ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਿਆਂ ਵਿੱਚ ਵਜ਼ੀਰਪੁਰ (325), ਆਨੰਦ ਵਿਹਾਰ (345), ਦਵਾਰਕਾ ਸੈਕਟਰ-8 (314), ਦਿੱਲੀ ਯੂਨੀਵਰਸਿਟੀ ਦਾ ਨੌਰਥ ਕੈਂਪਸ (307) ਅਤੇ ਮਥੁਰਾ ਰੋਡ (307) ਸ਼ਾਮਲ ਰਹੇ। ਇਸ ਤੋਂ ਇਲਾਵਾ, 20 ਸਟੇਸ਼ਨਾਂ ’ਤੇ ਹਵਾ ‘ਖਰਾਬ’ ਅਤੇ 13 ’ਤੇ ‘ਦਰਮਿਆਨੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਇਹ ਮੰਗਲਵਾਰ ਦੇ ਔਸਤ ਏ ਕਿਊ ਆਈ (201) ਦੇ ਮੁਕਾਬਲੇ ਵੱਡੀ ਗਿਰਾਵਟ ਹੈ। ਇੱਕ ਰਿਪੋਰਟ ਅਨੁਸਾਰ ਇਸ ਸਮੇਂ ਦਿੱਲੀ ਦੇ ਕੁੱਲ ਪ੍ਰਦੂਸ਼ਣ ਵਿੱਚ ਗੱਡੀਆਂ ਦੇ ਧੂੰਏਂ ਦਾ ਯੋਗਦਾਨ ਸਭ ਤੋਂ ਵੱਧ (19.8 ਫੀਸਦ) ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ।

Advertisement

ਇਸ ਜ਼ਹਿਰੀਲੀ ਹਵਾ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ’ਤੇ ਪੈ ਰਿਹਾ ਹੈ। ਲੋਕਾਂ ਨੇ ਅੱਖਾਂ ਵਿੱਚ ਜਲਣ, ਗਲੇ ਵਿੱਚ ਖਰਾਸ਼ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਘੱਟ ਤਾਪਮਾਨ ਅਤੇ ਵੱਧ ਨਮੀ ਕਾਰਨ ਪ੍ਰਦੂਸ਼ਕ ਤੱਤ ਜ਼ਮੀਨ ਦੇ ਨੇੜੇ ਜੰਮ ਰਹੇ ਹਨ, ਜਿਸ ਨਾਲ ਸਮੱਸਿਆ ਹੋਰ ਗੰਭੀਰ ਹੋ ਰਹੀ ਹੈ।

ਅਜਿਹੇ ਪ੍ਰਦੂਸ਼ਣ ਨੂੰ ਰੋਕਣ ਲਈ 500 ਵਰਗ ਮੀਟਰ ਤੋਂ ਵੱਡੇ ਨਿਰਮਾਣ ਪ੍ਰਾਜੈਕਟਾਂ ਲਈ ਨਿਯਮ ਸਖ਼ਤ ਕੀਤੇ ਗਏ ਹਨ ਅਤੇ ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਜਨਤਕ ਆਵਾਜਾਈ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਸੰਕਟ ਨਾਲ ਮਿਲ ਕੇ ਨਜਿੱਠਿਆ ਜਾ ਸਕੇ।

 

ਸਰਕਾਰ ਵੱਲੋਂ ਜੀ ਆਰ ਏ ਪੀ ਦਾ ਪਹਿਲਾ ਪੜਾਅ ਲਾਗੂ

ਹਵਾ ਦੀ ਲਗਾਤਾਰ ਵਿਗੜਦੀ ਗੁਣਵੱਤਾ ਨੂੰ ਦੇਖਦਿਆਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ-ਐੱਨ ਸੀ ਆਰ ਵਿੱਚ ਤੁਰੰਤ ਪ੍ਰਭਾਵ ਨਾਲ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ ਆਰ ਏ ਪੀ) ਦਾ ਪਹਿਲਾ ਪੜਾਅ ਲਾਗੂ ਕਰ ਦਿੱਤਾ ਹੈ। ਇਹ ਐਮਰਜੈਂਸੀ ਹਾਲਾਤ ਵਿੱਚ ਲਾਗੂ ਹੋਣ ਵਾਲੇ ਉਪਾਵਾਂ ਦੀ ਇੱਕ ਲੜੀ ਹੈ, ਜਿਸ ਤਹਿਤ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਤਹਿਤ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਦੇ ਦਿੱਲੀ-ਐੱਨਸੀਆਰ ਵਿੱਚ ਚੱਲਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਵਾਹਨਾਂ ਦੇ ‘ਪ੍ਰਦੂਸ਼ਣ ਕੰਟਰੋਲ ਅਧੀਨ’ (ਪੀ ਯੂ ਸੀ) ਸਰਟੀਫਿਕੇਟਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਧੂੰਆਂ ਛੱਡਣ ਵਾਲੇ ਵਾਹਨਾਂ ਨੂੰ ਨਾ ਸਿਰਫ਼ ਭਾਰੀ ਜੁਰਮਾਨਾ ਕੀਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ।

Advertisement
Show comments