DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਵਾ ਪ੍ਰਦੂਸ਼ਣ ਕਾਰਨ ਦਿੱਲੀ ਦੇ ਹਾਲਾਤ ਗੰਭੀਰ ਅਤੇ ਖ਼ਤਰਨਾਕ ਹੋਏ

ਹਵਾ ਦੀ ਗੁਣਵੱਤਾ ’ਚ ਮਾਮੂਲੀ ਸੁਧਾਰ, ਏ ਕਿਊ ਆਈ ਹਾਲੇ ਵੀ ‘ਗੰਭੀਰ’ ਸ਼੍ਰੇਣੀ ਵਿੱਚ

  • fb
  • twitter
  • whatsapp
  • whatsapp
featured-img featured-img
ਧੁਆਂਖੀ ਧੁੰਦ ਵਿੱਚ ਘਿਰੇ ਹੋਏ ਕਰਤੱਵਯ ਪਥ ’ਤੇ ਜਾਂਦੇ ਹੋਏ ਲੋਕ। -ਫੋਟੋ: ਏਐੱਨਆਈ
Advertisement

ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਬੁੱਧਵਾਰ ਨੂੰ ਸਵੇਰੇ ਲਗਾਤਾਰ ਦੂਜੇ ਦਿਨ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਅਨੁਸਾਰ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 414 ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸ਼ਹਿਰ ਵਿੱਚ ਇਸ ਸੀਜ਼ਨ ਵਿੱਚ ਸਭ ਤੋਂ ਖ਼ਰਾਬ ਹਾਲਤ ਦੇਖਣ ਨੂੰ ਮਿਲੀ ਸੀ। ਮੰਗਲਵਾਰ ਨੂੰ ਏ ਕਿਊ ਆਈ 423 ’ਤੇ ਪਹੁੰਚ ਗਿਆ ਸੀ ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਦਿੱਲੀ ਵਿੱਚ ਅੱਜ ਏ ਕਿਊ ਆਈ 39 ਨਿਗਰਾਨੀ ਸਟੇਸ਼ਨਾਂ ਵਿੱਚੋਂ 31 ਵਿੱਚ ਗੰਭੀਰ ਪੱਧਰ ’ਤੇ ਦਰਜ ਕੀਤਾ ਗਿਆ ਹੈ। ਇਨ੍ਹਾਂ ਸਟੇਸ਼ਨਾਂ ਵਿੱਚੋਂ ਵਜ਼ੀਰਪੁਰ ’ਚ ਏ ਕਿਊ ਆਈ 458 ਅਤੇ ਮੁੰਡਕਾ ’ਚ ਏ ਕਿਊ ਆਈ 464 ਦਰਜ ਕੀਤਾ ਗਿਆ ਹੈ।

ਸ਼ਹਿਰ ਵਿੱਚ ਚੱਲ ਰਹੇ ਗੰਭੀਰ ਸੰਕਟ ਦੇ ਸੁਧਾਰ ਲਈ ਦਿੱਲੀ ਅਤੇ ਐੱਨ ਸੀ ਆਰ ਖੇਤਰਾਂ ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਪੜਾਅ 3 (ਜੀ ਆਰ ਏ ਪੀ) ਉਪਾਵਾਂ ਨੂੰ ਲਾਗੂ ਕੀਤਾ ਗਿਆ ਹੈ। ਇਸ ਤਹਿਤ ਨਿਰਮਾਣ ਗਤੀਵਿਧੀਆਂ, ਵਾਹਨਾਂ ਦੀ ਵਰਤੋਂ ਅਤੇ ਉਦਯੋਗਿਕ ਕਾਰਜਾਂ ’ਤੇ ਪਾਬੰਦੀਆਂ ਜਾਰੀ ਰੱਖੀਆਂ ਗਈਆਂ ਹਨ।

Advertisement

ਦੀਵਾਲੀ ਮਗਰੋਂ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਲਗਾਤਾਰ ‘ਮਾੜੀ’ ਜਾਂ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੀ ਹੈ। ਇਸ ਦੌਰਾਨ ਪਿਛਲੇ ਹਫ਼ਤੇ ਤੋਂ ਸ਼ਹਿਰ ਦਾ ਤਾਪਮਾਨ ਡਿੱਗ ਰਿਹਾ ਹੈ। ਅੱਜ ਸਵੇਰੇ ਸ਼ਹਿਰ ਸੰਘਣੀ ਧੁੰਦ ਅਤੇ ਧੂੰਏਂ ਵਿੱਚ ਘਿਰਿਆ ਹੋਇਆ ਸੀ। ਇਸ ਦੌਰਾਨ ਦੂਰ ਤੱਕ ਦੇਖਣ ਦੀ ਸਮਰੱਥਾ 600-700 ਮੀਟਰ ਤੱਕ ਸੀਮਤ ਰਹੀ। ਦਿੱਲੀ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਕਰੀਬ 12 ਡਿਗਰੀ ਸੈਲਸੀਅਸ ਰਿਹਾ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਿਹਾ। ਅੱਜ ਉੱਤਰ-ਪੱਛਮ ਦਿਸ਼ਾਵਾਂ ਤੋਂ ਹਵਾ ਦੀ ਗਤੀ 4-10 ਕਿਲੋਮੀਟਰ ਪ੍ਰਤੀ ਘੰਟਾ ਸੀ। ਦਿੱਲੀ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਕਾਰਨ 5ਵੀਂ ਜਮਾਤ ਤੱਕ ਦੇ ਸਕੂਲ ‘ਹਾਈਬ੍ਰਿਡ ਮੋਡ’ ਨਾਲ ਚਲਾਏ ਜਾ ਰਹੇ ਹਨ। 14 ਨਵੰਬਰ ਤੱਕ ਹਵਾ ਦੀ ਗੁਣਵੱਤਾ ਬਹੁਤ ਮਾੜੀ ਰਹੇਗੀ।

Advertisement

‘ਆਪ’ ਵੱਲੋਂ ਮੁੱਖ ਮੰਤਰੀ ਤੇ ਮੰਤਰੀਆਂ ਦੇ ਬਿਆਨਾਂ ਦਾ ਵਿਰੋਧ

ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਦਿੱਲੀ ਦੇ ਲੋਕ ਜ਼ਹਿਰੀਲੀ ਹਵਾ ਸਾਹ ਲੈਣ ਲਈ ਮਜਬੂਰ ਹਨ ਜਦੋਂਕਿ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਆਪਣੇ ਬੇਤੁਕੇ ਬਿਆਨਾਂ ਨਾਲ ਲੋਕਾਂ ਗੁਮਰਾਹ ਕਰਨ ਵਿੱਚ ਰੁੱਝੇ ਹੋਏ ਹਨ। ‘ਆਪ’ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਹਵਾ ਪ੍ਰਦੂਸ਼ਣ ਬਾਰੇ ਅਜਿਹੇ ਇੱਕ ਬਿਆਨ ਲਈ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਸੰਜੀਵ ਝਾਅ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੇ ‘ਐਕਸ’ ’ਤੇ ਜਾਰੀ ਬਿਆਨ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਨੁਸਾਰ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅੱਗ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਅਜਿਹਾ ਲੱਗਦਾ ਹੈ ਕਿ ਸਰਕਾਰ ਨੇ ਪ੍ਰਦੂਸ਼ਣ ਘਟਾਉਣ ਲਈ ਨਵਾਂ ਤਰੀਕਾ ਲੱਭ ਲਿਆ ਹੈ। ਉਨ੍ਹਾਂ ਸਵਾਲ ਕੀਤਾ ਕਿਹਾ ਕੀ ਇਹ ਰਾਜਧਾਨੀ ਦੀਆਂ ਸਾਹ ਨਾਲ ਸਬੰਧਤ ਸਮੱਸਿਆਵਾਂ ਦਾ ‘ਹੱਲ’ ਹੈ। ਉਨ੍ਹਾਂ ਕਿਹਾ ਕਿ ਕੀ ਹੁਣ ਦਿੱਲੀ ਦੀ ਹਵਾ ਸਾਫ਼ ਕਰਨ ਲਈ ਪੂਰੇ ਸ਼ਹਿਰ ਨੂੰ ਸਾੜ ਦਿੱਤਾ ਜਾਵੇਗਾ। ਇਸ ਦੌਰਾਨ ‘ਆਪ’ ਦੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਵੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਬਿਆਨਾਂ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਜਪਾ ‘ਚਾਰ ਇੰਜਣਾਂ’ ਵਾਲੀ ਸਰਕਾਰ ਹੋਣ ਦੇ ਬਾਵਜੂਦ ਗੁਮਰਾਹ ਕਰਨ ਲੱਗੀ ਹੋਈ ਹੈ। ਇਸ ਸਰਕਾਰ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੰਗਲਵਾਰ ਨੂੰ ਮੀਡੀਆ ਨੇ ਸ੍ਰੀ ਸਿਰਸਾ ਨੂੰ ਪੁੱਛਿਆ ਕਿ ਏ ਕਿਊ ਆਈ ਮਾਨੀਟਰਾਂ ’ਤੇ ਰੀਡਿੰਗ ਘਟਾਉਣ ਲਈ ਪਾਣੀ ਦਾ ਛਿੜਕਾਅ ਕਿਉਂ ਕੀਤਾ ਜਾ ਰਿਹਾ ਹੈ ਉਨ੍ਹਾਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਦੂਜੇ ਪਾਸੇ, ਜਦੋਂ ਦਿੱਲੀ ਦੇ ਲੋਕਾਂ ਨੇ ਇਹੀ ਸਵਾਲ ਪੁੱਛਿਆ ਤਾਂ ਪੁਲੀਸ ਨੇ ਸਵਾਲ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਦਿੱਲੀ ਨੂੰ ਸਮੱਸਿਆ ਵਿੱਚ ਘਿਰੀ ਛੱਡ ਕੇ ਬਿਹਾਰ ’ਚ ਚੋਣ ਪ੍ਰਚਾਰ ਲਈ ਚਲੇ ਗਏ। ਪ੍ਰਿਯੰਕਾ ਨੇ ਕਿਹਾ ਕਿ ਹਫ਼ਤਾ ਪਹਿਲਾਂ ਭਾਜਪਾ ਮੰਤਰੀ ਨੇ ਝੂਠ ਬੋਲਿਆ ਸੀ ਕਿ ਰਾਜਧਾਨੀ ’ਚ ਸਾਰੇ ਉਸਾਰੀ ਕਾਰਜ ਬੰਦ ਕਰ ਦਿੱਤੇ ਗਏ ਹਨ ਜਦੋਂਕਿ ਜੀ ਆਰ ਏ ਪੀ 3 ਮੰਗਲਵਾਰ ਨੂੰ ਲਾਗੂ ਹੋਇਆ ਸੀ। ਉਨ੍ਹਾਂ ਵਿਅੰਗ ਕੀਤਾ ਕਿ ਸ਼ਾਇਦ ਰੇਖਾ ਗੁਪਤਾ ਇੱਕ ਚੰਗੀ ਕੌਂਸਲਰ ਸੀ ਪਰ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨੀ ਪਵੇਗੀ।

Advertisement
×