ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ’ਚ ਹਵਾ ਪ੍ਰਦੂਸ਼ਣ ਵਧਿਆ

ਲੋਕਾਂ ਨੂੰ ਸਾਹ ਲੈਣਾ ਅੌਖਾ ਹੋਇਆ
ਨਵੀਂ ਦਿੱਲੀ ਦੇ ਨਾਰਥ ਕੈਂਪਸ ਵਿੱਚ ਪਾਣੀ ਦਾ ਛਿੜਕਾਅ ਕਰਦੇ ਹੋਏ ਨਿਗਮ ਦੇ ਕਰਮਚਾਰੀ। -ਫੋਟੋ: ਪੀਟੀਆਈ
Advertisement

ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹਿਣ ਅਤੇ ਤਾਪਮਾਨ ਡਿੱਗਣ ਨਾਲ ਦਿੱਲੀ ਪੁਲੀਸ ਨੇ ਆਪਣੇ ਟਰੈਫਿਕ ਕਰਮਚਾਰੀਆਂ ਨੂੰ ਪ੍ਰਦੂਸ਼ਣ ਅਤੇ ਸਰਦੀਆਂ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ। ਦਿੱਲੀ ਟਰੈਫਿਕ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕਰਮਚਾਰੀਆਂ ਨੂੰ ਉੱਚ-ਗੁਣਵੱਤਾ ਵਾਲੇ ਏਅਰ-ਫਿਲਟਰ ਮਾਸਕ, ਸਰਦੀਆਂ ਦੇ ਕੱਪੜੇ ਅਤੇ ਨਿਯਮਤ ਸਿਹਤ ਜਾਂਚ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਕਿਹਾ, ‘‘ਹਰ ਸਾਲ ਦੀ ਤਰ੍ਹਾਂ ਜਦੋਂ ਦਿੱਲੀ ਵਿੱਚ ਧੁਆਂਢੀ ਧੁੰਦ ਛਾਉਣ ਲੱਗਦੀ ਹੈ ਅਤੇ ਹਵਾ ਦੀ ਗੁਣਵੱਤਾ ਡਿੱਗ ਜਾਂਦੀ ਹੈ ਤਾਂ ਟਰੈਫਿਕ ਪੁਲੀਸ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਿਤ ਸਮੂਹਾਂ ਵਿੱਚੋਂ ਇੱਕ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਖੁੱਲ੍ਹੇ ਅਸਮਾਨ ਹੇਠ ਡਿਊਟੀ ਕਰਨੀ ਪੈਂਦੀ ਹੈ। ਇਸ ਵਾਰ, ਅਸੀਂ ਉਨ੍ਹਾਂ ਲਈ ਸੁਰੱਖਿਆ ਉਪਾਵਾਂ ਨੂੰ ਹੋਰ ਮਜ਼ਬੂਤ ​​ਕਰਨ ਦਾ ਫ਼ੈਸਲਾ ਕੀਤਾ ਹੈ।’’ ਅਧਿਕਾਰੀ ਨੇ ਕਿਹਾ ਕਿ ਦਿੱਲੀ ਟਰੈਫਿਕ ਪੁਲੀਸ ਕੋਲ ਲਗਪਗ 6,000 ਕਰਮਚਾਰੀ ਹਨ ਅਤੇ ਹਰੇਕ ਨੂੰ ਮਾਸਕ, ਸਰਦੀਆਂ ਦੇ ਕੱਪੜੇ ਅਤੇ ਹੋਰ ਜ਼ਰੂਰੀ ਸਪਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੀਆਂ ਡਿਊਟੀਆਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਸਕਣ।

Advertisement

ਉਨ੍ਹਾਂ ਕਿਹਾ, ‘‘ਇਸ ਸਾਲ ਅਸੀਂ ਆਪਣੇ ਕਰਮਚਾਰੀਆਂ ਨੂੰ ਲਗਪਗ 50,000 ਉੱਚ-ਗੁਣਵੱਤਾ ਵਾਲੇ ਮਾਸਕ ਵੰਡ ਰਹੇ ਹਾਂ। ਪਿਛਲੇ ਸਾਲ, ਅਸੀਂ ਐੱਨ-95 ਮਾਸਕ ਦਿੱਤੇ ਸਨ, ਪਰ ਇਸ ਵਾਰ ਅਸੀਂ ਹੋਰ ਪ੍ਰਭਾਵਸ਼ਾਲੀ ਤੇ ਟਿਕਾਊ ਮਾਸਕ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਪ੍ਰਦੂਸ਼ਣ ਅਤੇ ਧੂੜ ਤੋਂ ਬਿਹਤਰ ਸੁਰੱਖਿਆ ਮੁਹੱਈਆ ਕਰਦੇ ਹਨ।’’ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲ ਦਿੱਲੀ ਪੁਲੀਸ ਦੀ ਵਿਆਪਕ ਸੁਰੱਖਿਆ ਯੋਜਨਾ ਦਾ ਹਿੱਸਾ ਹੈ, ਜਿਸ ਨੂੰ ਸਰਦੀਆਂ ਦੌਰਾਨ ਵਧ ਰਹੇ ਪ੍ਰਦੂਸ਼ਣ ਅਤੇ ਡਿੱਗਦੇ ਤਾਪਮਾਨ ਦੇ ਮੁਕਾਬਲੇ ਲਈ ਤਿਆਰ ਕੀਤਾ ਗਿਆ ਹੈ। ਹਾਲ ਹੀ ਦੇ ਦਿਨਾਂ ਦੌਰਾਨ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏ ਕਿਊ ਆਈ) 350 ਨੂੰ ਪਾਰ ਕਰ ਗਿਆ ਹੈ, ਜੋ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆ ਗਿਆ ਹੈ, ਜਦੋਂਕਿ ਧੁਆਂਖੀ ਧੁੰਦ ਕਾਰਨ ਕਈ ਖੇਤਰਾਂ ਵਿੱਚ ਦਿਸਣ ਹੱਦ ਕਾਫ਼ੀ ਘਟ ਗਈ ਹੈ।

ਅਧਿਕਾਰੀ ਨੇ ਕਿਹਾ, ‘‘ਟਰੈਫਿਕ ਕਰਮਚਾਰੀ ਰੋਜ਼ਾਨਾ ਅੱਠ ਤੋਂ ਦਸ ਘੰਟੇ ਮੁੱਖ ਚੌਰਾਹਿਆਂ ਅਤੇ ਵਿਅਸਤ ਸੜਕਾਂ ’ਤੇ ਡਿਊਟੀ ਦੌਰਾਨ ਬਿਤਾਉਂਦੇ ਹਨ, ਅਕਸਰ ਬਿਨਾਂ ਆਸਰੇ ਦੇ। ਇਸ ਲਈ ਉਨ੍ਹਾਂ ਦੀ ਸਿਹਤ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਨਾ ਕਾਫ਼ੀ ਜ਼ਰੂਰੀ ਹੈ।’’ ਉਨ੍ਹਾਂ ਦੱਸਿਆ ਕਿ ਦਿੱਲੀ ਟਰੈਫਿਕ ਪੁਲੀਸ ਆਪਣੇ ਟੋਡਾਪੁਰ ਹੈੱਡਕੁਆਰਟਰ ਵਿੱਚ ਲਗਾਤਾਰ ਸਿਹਤ ਕੈਂਪ ਵੀ ਲਗਾ ਰਹੀ ਹੈ ਤਾਂ ਜੋ ਕਰਮਚਾਰੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਲੋੜ ਪੈਣ ’ਤੇ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾ ਸਕੇ।

ਅਧਿਕਾਰੀ ਨੇ ਕਿਹਾ, ‘‘ਅਸੀਂ ਪੂਰਾ ਸਾਲ ਹਰ ਮਹੀਨੇ ਦੋ ਤੋਂ ਤਿੰਨ ਵਾਰ ਟੋਡਾਪੁਰ ਸਥਿਤ ਟਰੈਫਿਕ ਪੁਲੀਸ ਹੈੱਡਕੁਆਰਟਰ ਵਿੱਚ ਸਿਹਤ ਕੈਂਪ ਲਗਾਉਂਦੇ ਹਾਂ,’’ ਇਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰ ਡਾਕਟਰ ਕਰਮਚਾਰੀਆਂ ਦੀ ਜਾਂਚ ਕਰਦੇ ਹਨ। ਇਸ ਦੇ ਨਾਲ ਹੀ ਮਨੋਵਿਗਿਆਨੀਆਂ ਨੂੰ ਵੀ ਬੁਲਾਇਆ ਜਾਂਦਾ ਹੈ ਤਾਂ ਜੋ ਕਰਮਚਾਰੀਆਂ ਨੂੰ ਤਣਾਅ ਪ੍ਰਬੰਧਨ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕ ਕੀਤਾ ਜਾ ਸਕੇ।

 

ਵਜ਼ੀਰਪੁਰ ਵਿੱਚ ਸਭ ਤੋਂ ਵੱਧ ਹਵਾ ਪ੍ਰਦੂਸ਼ਿਤ

ਨਵੀਂ ਦਿੱਲੀ: ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਅੱਜ ਥੋੜ੍ਹਾ ਸੁਧਾਰ ਹੋਇਆ, ਜੋ ਇੱਕ ਦਿਨ ਪਹਿਲਾਂ ਦਰਜ ਕੀਤੀ ਗਈ ‘ਬਹੁਤ ਮਾੜੀ’ ਸ਼੍ਰੇਣੀ ਤੋਂ ‘ਮਾੜੀ’ ਸ਼੍ਰੇਣੀ ਵਿੱਚ ਆ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਅਨੁਸਾਰ, ਸਵੇਰੇ 9 ਵਜੇ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏ ਕਿਊ ਆਈ) 268 ਦਰਜ ਕੀਤਾ ਗਿਆ, ਜੋ ਵੀਰਵਾਰ ਦੇ 373 ਦੇ ਏ ਕਿਊ ਆਈ ਤੋਂ ਘੱਟ ਹੈ। ਸੀ ਪੀ ਸੀ ਬੀ ਦੇ ‘ਸਮੀਰ’ ਐਪ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੌਮੀ ਰਾਜਧਾਨੀ ਵਿੱਚ 12 ਰੈੱਡ ਜ਼ੋਨ ਹਨ, ਜਿਨ੍ਹਾਂ ਵਿੱਚ ਵਜ਼ੀਰਪੁਰ ਵਿੱਚ ਸਭ ਤੋਂ ਵੱਧ ਏ ਕਿਊ ਆਈ 355 ਦਰਜ ਕੀਤਾ ਗਿਆ, ਉਸ ਤੋਂ ਬਾਅਦ ਬਵਾਨਾ 349 ਹੈ। ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਲਗਪਗ 5.5 ਡਿਗਰੀ ਵੱਧ ਹੈ, ਜਦੋਂਕਿ ਨਮੀ 98 ਫ਼ੀਸਦ ਸੀ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਦਿਨ ਵੇਲੇ ਧੁੰਦ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ

Advertisement
Show comments