ਹਵਾ ਪ੍ਰਦੂਸ਼ਣ: ਦਿੱਲੀ ਵਾਸੀਆਂ ਨੂੰ ਮਿਲੀ ਮਾਮੂਲੀ ਰਾਹਤ
ਰਾਜਧਾਨੀ ਵਿੱਚ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਤੇ ਚਿੰਤਾਜਨਕ ਪ੍ਰਦੂਸ਼ਣ ਤੋਂ ਬਾਅਦ ਦਿੱਲੀ ਦਾ ਏ ਕਿਊ ਆਈ ‘ਗੰਭੀਰ’ ਸ਼੍ਰੇਣੀ ਵਿੱਚ ਆਉਣ ਤੋਂ ਸਿਰਫ਼ ਇੱਕ ਅੰਕ ਖੁੰਝ ਗਿਆ। ਸ਼ੁੱਕਰਵਾਰ ਸਵੇਰੇ 7 ਵਜੇ ਏ ਕਿਊ ਆਈ 399 ਦਰਜ ਕੀਤਾ ਗਿਆ। ਪ੍ਰਦੂਸ਼ਣ ਵਿੱਚ ਤਿੰਨ ਦਿਨਾਂ ਮਗਰੋਂ ਕੁਝ ਸੁਧਾਰ ਦਰਜ ਕੀਤਾ ਗਿਆ ਹੈ।
ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਦੌਰਾਨ ਦਿੱਲੀ ਵਿੱਚ ਏ ਕਿਊ ਆਈ ‘ਬਹੁਤ ਮਾੜੀ’ ਸ਼੍ੇਣੀ ’ਚ ਰਹੇਗਾ। ਐਤਵਾਰ ਤੱਕ ਹਵਾ ਦੀ ਗੁਣਵੱਤਾ ’ਚ ਸੁਧਾਰ ਦੀ ਉਮੀਦ ਨਹੀਂ ਹੈ।
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਕੌਮੀ ਰਾਜਧਾਨੀ ਦੇ ਕਈ ਨਿਗਰਾਨੀ ਸਟੇਸ਼ਨਾਂ ਨੇ ਸ਼ੁੱਕਰਵਾਰ ਨੂੰ ਵੀ ਏ ਕਿਊ ਆਈ 400 ਦੇ ਨਿਸ਼ਾਨ ਤੋਂ ਉੱਪਰ ਦਰਜ ਕੀਤਾ ਗਿਆ।
ਦਿੱਲੀ ਵਿੱਚ ਹਵਾ ਦੀ ਵਿਗੜਦੀ ਗੁਣਵੱਤਾ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਕੀਲਾਂ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ’ਤੇ ਹਾਜ਼ਰ ਹੋਣ ਦੀ ਬਜਾਇ ਵਰਚੁਅਲੀ ਪੇਸ਼ ਹੋਣ ਦੀ ਸਲਾਹ ਦਿੱਤੀ ਸੀ। ਰਾਜਧਾਨੀ ਵਿੱਚ ਖ਼ਤਰਨਾਕ ਹਵਾ ਦੀ ਗੁਣਵੱਤਾ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਹਿਰੀਲੀ ਹਵਾ ਤੋਂ ਸਥਾਈ ਨੁਕਸਾਨ ਦੀ ਚਿਤਾਵਨੀ ਦਿੱਤੀ ਸੀ।
ਦੂਜੇ ਪਾਸੇ ਜੀ ਆਰ ਏ ਪੀ ਤਿੰਨ ਤਹਿਤ ‘ਗੰਭੀਰ’ ਹਵਾ ਦੀ ਗੁਣਵੱਤਾ ਲਈ ਕਈ ਉਪਾਅ ਕੀਤੇ ਗਏ ਹਨ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਜ਼ਿਆਦਾਤਰ ਗੈਰ-ਜ਼ਰੂਰੀ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾਈ ਗਈ ਹੈ। ਕੁਝ ਵਾਹਨਾਂ ’ਤੇ ਪਾਬੰਦੀਆਂ ਲਾਉਣ ਤੋਂ ਇਲਾਵਾ 5ਵੀਂ ਜਮਾਤ ਤੱਕ ਦੀਆਂ ਕਲਾਸਾਂ ਹਾਈਬ੍ਰਿਡ ਜਾਂ ਆਨਲਾਈਨ ਮਾਧਿਅਮ ਨਾਲ ਲਗਾਈਆਂ ਜਾ ਰਹੀਆਂ ਹਨ।
ਹਾਲੇ ਵੀ ਹੋ ਰਹੀ ਹੈ ਝਾੜੂਆਂ ਨਾਲ ਸਫ਼ਾਈ
ਦਿੱਲੀ ਵਿੱਚ ਜੀ ਆਰ ਏ ਪੀ ਤਿੰਨ ਲਾਗੂ ਕਰਨ ਦੇ ਬਾਵਜੂਦ ਕੌਮੀ ਰਾਜਧਾਨੀ ਵਿੱਚ ਝਾੜੂਆਂ ਨਾਲ ਸਫ਼ਾਈ ਕੀਤੀ ਜਾ ਰਹੀ ਹੈ। ਇਸ ਨਾਲ ਹਵਾ ਵਿੱਚ ਧੂੜ ਦੇ ਕਣਾਂ ਦੀ ਮਾਤਰਾ ਵਧ ਰਹੀ ਹੈ। ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਸੀ ਕਿ ਰਾਜਧਾਨੀ ਦੀਆਂ ਸੜਕਾਂ ਸਾਫ਼ ਕਰਨ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਓਖਲਾ ਖੇਤਰ ਵਿੱਚ ਹੱਥੀਂ ਝਾੜੂਆਂ ਨਾਲ ਸੜਕਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਸ ਨਾਲ ਪਹਿਲਾਂ ਤੋਂ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਦਿੱਕਤਾਂ ਵਧਣ ਦਾ ਖ਼ਦਸ਼ਾ ਹੈ। ਧੂੜ ਦੇ ਕਣ ਹਵਾ ਵਿੱਚ ਮਿਲਣ ਕਾਰਨ ਸਾਹ ਦੇ ਮਰੀਜ਼ਾਂ ਨੂੰ ਦਿੱਕਤਾਂ ਆ ਸਕਦੀਆਂ ਹਨ। ਪ੍ਰਹਿਲਾਦਪੁਰ ਤੋਂ ਓਖਲਾ ਨੂੰ ਜਾਂਦੀ ਸੜਕ ਦੀ ਸਫ਼ਾਈ ਕਰਨ ਸਮੇਂ ਉੱਥੇ ਕੇਂਦਰ ਸਰਕਾਰ ਦੇ ਕੁਝ ਅਧਿਕਾਰੀ ਵੀ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ। ਇਸ ਸੜਕ ’ਤੇ ਓਖਲਾ ਲੈਂਡਫਿਲ ਸਾਈਟ ਹੋਣ ਕਰ ਕੇ ਸੜਕਾਂ ਉੱਪਰ ਜ਼ਿਆਦਾ ਗੰਦਗੀ ਰਹਿੰਦੀ ਹੈ।
