ਕੌਮੀ ਰਾਜਧਾਨੀ ਦਿੱਲੀ ’ਚ ਅੱਜ ਵੀ ਧੁਆਂਖੀ ਧੁੰਦ ਛਾਈ ਰਹੀ ਅਤੇ ਇਥੇ ਦੁਪਹਿਰ ਵੇਲੇ ਸੂਰਜ ਚਮਕਿਆ। ਦਿੱਲੀ ਵਿੱਚ ਰੋਜ਼ਾਨਾ ਪ੍ਰਦੂਸ਼ਣ ਵਧ ਰਿਹਾ ਹੈ, ਹਾਲਾਂਕਿ ਦਿੱਲੀ ਸਰਕਾਰ ਵੱਲੋਂ ਪ੍ਰਦੂਸ਼ਣ ਰੋਕਣ ਲਈ ਹੰਭਲੇ ਮਾਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਦਿੱਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਕੋਈ ਬੂਰ ਨਹੀਂ ਪੈ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਵੀਰਵਾਰ ਸਵੇਰੇ ਹਵਾ ਗੁਣਵੱਤਾ ਸੂਚਕ ਅੰਕ 237 ’ਤੇ ਰਿਹਾ। ਇਹ ਅੰਕੜਾ ਦੱਸਦਾ ਹੈ ਕਿ ਰਾਜਧਾਨੀ ਦੀ ਹਵਾ ‘ਮਾੜੀ’ ਸ਼੍ਰੇਣੀ ਵਿੱਚ ਰਹੀ ਜਦਕਿ ਬੁੱਧਵਾਰ ਨੂੰ ਏ ਕਿਊ ਆਈ 210 ਸੀ ਅਤੇ ਮੰਗਲਵਾਰ ਨੂੰ ਇਹ 211 ਸੀ।
ਭਾਰਤੀ ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ ’ਚ ਘੱਟੋ-ਘੱਟ ਤਾਪਮਾਨ 18.1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਇਸੇ ਤਰ੍ਹਾਂ ਨਮੀ ਸਵੇਰੇ 8.30 ਵਜੇ 87 ਪ੍ਰਤੀਸ਼ਤ ’ਤੇ ਰਹੀ। ਕੌਮੀ ਰਾਜਧਾਨੀ ’ਚ ਸਵੇਰੇ ਧੁੰਦ ਸੀ ਪਰ ਬਾਅਦ ’ਚ ਆਸਮਾਨ ਸਾਫ਼ ਹੋ ਗਿਆ। ਸ਼ਾਮ ਨੂੰ ਫਿਰ ਹਵਾ ਵਿੱਚ ਧੂੰਆਂ ਛਾ ਗਿਆ ਪਰ ਧੁਆਂਖੀ ਧੁੰਦ ’ਚ ਨਮੀ ਆਮ ਨਾਲੋਂ ਵੱਧ ਸੀ। ਇਥੇ ਆਨੰਦ ਵਿਹਾਰ ਹਵਾ ਗੁਣਵਤਾ ਸੂਚਕ ਅੰਕ 345, ਡੀ ਯੂ ਨੌਰਥ ਕੈਂਪਸ ’ਚ 307, ਸੀ ਆਰ ਆਰ ਆਈ ਮਥੁਰਾ ਰੋਡ ’ਚ 307, ਦਵਾਰਕਾ ਸੈਕਟਰ-8 ’ਚ 314 ਅਤੇ ਵਜ਼ੀਰਪੁਰ ’ਚ 325 ਦਰਜ ਕੀਤਾ ਗਿਆ। ਦਿੱਲੀ ਵਿੱਚ 40 ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 38 ਤੋਂ ਡੇਟਾ ਉਪਲਬਧ ਸੀ। ਬੁੱਧਵਾਰ ਨੂੰ ਵੀਹ ਸਟੇਸ਼ਨਾਂ ਵਿੱਚ ਏ ਕਿਊ ਆਈ ‘ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।