Air Pollution: ਤਕਨੀਕੀ ਚੁਣੌਤੀਆਂ ਕਾਰਨ ਮਿਆਦ ਪੁੱਗਾ ਚੁੱਕੇ ਵਾਹਨਾਂ ਨੂੰ ਤੇਲ ਨਾ ਪਾਉਣ ਦੀ ਪਾਬੰਦੀ ਸੰਭਵ ਨਹੀਂ: ਦਿੱਲੀ ਸਰਕਾਰ
ਨਵੀਂ ਦਿੱਲੀ, 3 ਜੁਲਾਈ
Fuel ban on overage vehicles not feasible ਦਿੱਲੀ ਸਰਕਾਰ ਨੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਿਊਐਮ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਤਕਨੀਕੀ ਚੁਣੌਤੀਆਂ ਅਤੇ ਗੁੰਝਲਦਾਰ ਪ੍ਰਣਾਲੀਆਂ ਕਾਰਨ ਨਿਰਧਾਰਤ ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ ਹੈ। ਉਨਾਂ ਪੈਨਲ ਨੂੰ ਇਹ ਪਾਬੰਦੀ ਤੁਰੰਤ ਹਟਾਉਣ ਦੀ ਮੰਗ ਕੀਤੀ। ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਕਦਮ ਨਾਲ ਲੋਕਾਂ ਵਿੱਚ ਨਿਰਾਸ਼ਾ ਹੈ ਅਤੇ ਸਰਕਾਰ ਉਨ੍ਹਾਂ ਦੀ ਸਮੱਸਿਆ ਨਾਲ ਸਹਿਮਤ ਹੈ।
ਸਰਕਾਰ ਨੇ ਸੁਝਾਅ ਦਿੱਤਾ ਹੈ ਕਿ ਇਹ ਪਾਬੰਦੀ ਪੂਰੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਲਾਗੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵੱਧ ਉਮਰ ਦੇ ਵਾਹਨਾਂ ਲਈ ਗੁੰਝਲਦਾਰ ਪ੍ਰਕਿਰਿਆ ਨਿਰਧਾਰਤ ਕਰਨ ’ਤੇ ਪਿਛਲੀ 'ਆਪ' ਸਰਕਾਰ ਦੀ ਨਿੰਦਾ ਕੀਤੀ। ਦਿੱਲੀ ਸਰਕਾਰ ਨੇ ਪਹਿਲੀ ਜੁਲਾਈ ਤੋਂ ਇਨ੍ਹਾਂ ਵਾਹਨਾਂ ਨੂੰ ਪੈਟਰੋਲ ਤੇ ਡੀਜ਼ਲ ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਡੀਜ਼ਲ ਵਾਹਨਾਂ ਲਈ 10 ਸਾਲ ਜਾਂ ਇਸ ਤੋਂ ਵੱਧ ਅਤੇ ਪੈਟਰੋਲ ਵਾਹਨਾਂ ਲਈ 15 ਸਾਲ ਜਾਂ ਇਸ ਤੋਂ ਵੱਧ ਦੇ ਮਾਡਲਾਂ ’ਤੇ ਪਾਬੰਦੀ ਲਾਈ ਹੈ। ਟਰਾਂਸਪੋਰਟ ਵਿਭਾਗ ਅਤੇ ਟਰੈਫਿਕ ਪੁਲੀਸ ਇਨ੍ਹਾਂ ਵਾਹਨਾਂ ਵਿਚ ਪੈਟਰੋਲ ਪਵਾਉਣ ਲਈ ਪੰਪਾਂ ’ਤੇ ਆ ਰਹੇ ਵਾਹਨਾਂ ਨੂੰ ਜ਼ਬਤ ਕਰ ਰਹੇ ਹਨ। ਇਸ ਕਾਰਨ ਲੋਕਾਂ ਵਿਚ ਸਰਕਾਰ ਖ਼ਿਲਾਫ਼ ਰੋਸ ਹੈ ਤੇ ਉਨ੍ਹਾਂ ਆਰਥਿਕ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਅਜਿਹੀਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਹੈ।