ਏਅਰ ਇੰਡੀਆ ਦੀ ਮਿਲਾਨ ਤੋਂ ਦਿੱਲੀ ਉਡਾਣ ਰੱਦ
AI's Milan-Delhi flight cancelled on Friday after Dreamliner tech issue ਏਅਰ ਇੰਡੀਆ ਦੇ ਡਰੀਮਲਾਈਨਰ ਜਹਾਜ਼ ਨੂੰ ਇਟਲੀ ਦੇ ਮਿਲਾਨ ਹਵਾਈ ਅੱਡੇ ’ਤੇ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਦਿੱਲੀ ਆਉਣ ਵਾਲੀ ਇਹ ਉਡਾਣ ਰੱਦ ਕਰਨੀ ਪਈ ਅਤੇ 250 ਤੋਂ ਵੱਧ ਯਾਤਰੀ ਇਟਲੀ ਵਿੱਚ ਫਸ ਗਏ। ਇਨ੍ਹਾਂ ਵਿਚੋਂ ਜ਼ਿਆਦਾਤਰ ਯਾਤਰੀਆਂ ਨੂੰ 20 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਦਿੱਲੀ ਭੇਜਿਆ ਜਾਵੇਗਾ।
ਏਅਰ ਇੰਡੀਆ ਨੇ ਅੱਜ ਕਿਹਾ ਕਿ 17 ਅਕਤੂਬਰ ਨੂੰ ਮਿਲਾਨ ਤੋਂ ਦਿੱਲੀ ਜਾਣ ਵਾਲੀ ਉਡਾਣ AI138 ਨੂੰ ਤਕਨੀਕੀ ਸਮੱਸਿਆ ਕਰ ਕੇ ਰੱਦ ਕਰ ਦਿੱਤਾ ਗਿਆ ਸੀ। ਇਸ ਸਬੰਧੀ ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਹ ਦੀਵਾਲੀ ਤੋਂ ਪਹਿਲਾਂ ਆਪਣੇ ਦੇਸ਼ ਆਉਣਾ ਚਾਹੁੰਦੇ ਸਨ ਪਰ ਏਅਰ ਇੰਡੀਆ ਦੀ ਉਡਾਣ ਕਾਰਨ ਇਟਲੀ ਵਿਚ ਫਸ ਗਏ ਹਨ।
ਏਅਰ ਇੰਡੀਆ ਨੇ ਕਿਹਾ ਕਿ ਉਨ੍ਹਾਂ ਸਾਰੇ ਯਾਤਰੀਆਂ ਨੂੰ ਹੋਟਲ ਵਿੱਚ ਰਿਹਾਇਸ਼ ਪ੍ਰਦਾਨ ਕੀਤੀ ਗਈ ਤੇ ਏਅਰ ਇੰਡੀਆ ਅਤੇ ਹੋਰ ਏਅਰਲਾਈਨਾਂ ਵਿਚ ਸੀਟ ਉਪਲਬਧ ਹੋਣ ਦੇ ਆਧਾਰ ’ਤੇ ਯਾਤਰੀਆਂ ਨੂੰ 20 ਅਕਤੂਬਰ ਨੂੰ ਜਾਂ ਉਸ ਤੋਂ ਬਾਅਦ ਦੀਆਂ ਉਡਾਣਾਂ ਵਿਚ ਦਿੱਲੀ ਲਿਆਂਦਾ ਜਾਵੇਗਾ। ਇਸ ਉਡਾਣ ਵਿਚ ਇੱਕ ਯਾਤਰੀ ਦਾ ਸ਼ੈਂਨੇਗਨ ਵੀਜ਼ਾ 20 ਅਕਤੂਬਰ ਨੂੰ ਖਤਮ ਹੋ ਰਿਹਾ ਹੈ, ਨੂੰ 19 ਅਕਤੂਬਰ ਨੂੰ ਮਿਲਾਨ ਤੋਂ ਰਵਾਨਾ ਹੋਣ ਵਾਲੀ ਇੱਕ ਹੋਰ ਉਡਾਣ ਵਿਚ ਭੇਜਿਆ ਜਾਵੇਗਾ। ਸੂਤਰਾਂ ਅਨੁਸਾਰ ਇਸ ਉਡਾਣ ਵਿਚ 250 ਤੋਂ ਵੱਧ ਯਾਤਰੀ ਸਵਾਰ ਸਨ।
ਪੀਟੀਆਈ