ਏਅਰ ਇੰਡੀਆ ਵੱਲੋਂ 7 ਕੌਮਾਂਤਰੀ ਉਡਾਣਾਂ ਰੱਦ
ਮੁੰਬਈ/ਕੋਲਕਾਤਾ, 17 ਜੂਨ
ਏਅਰ ਇੰਡੀਆ ਨੇ ਲੰਡਨ-ਅੰਮ੍ਰਿਤਸਰ ਅਤੇ ਦਿੱਲੀ-ਦੁਬਈ ਸਮੇਤ 7 ਉਡਾਣਾਂ ਵੱਖ-ਵੱਖ ਕਾਰਨਾਂ ਕਰ ਕੇ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਿਨ ਵੇਲੇ ਰੱਦ ਕੀਤੀਆਂ ਹੋਰ ਉਡਾਣਾਂ ਵਿੱਚ ਬੰਗਲੁਰੂ-ਲੰਡਨ, ਦਿੱਲੀ-ਵੀਏਨਾ, ਦਿੱਲੀ-ਪੈਰਿਸ ਅਤੇ ਮੁੰਬਈ-ਸਾਂ ਫਰਾਂਸਿਸਕੋ ਸ਼ਾਮਲ ਹਨ।
ਇਸ ਤੋਂ ਪਹਿਲਾਂ ਦਿਨ ਵਿੱਚ ਏਅਰ ਇੰਡੀਆ ਨੇ ਜਹਾਜ਼ ਦੀ ਗੈਰਮੌਜੂਦਗੀ ਕਰਕੇ ਅਹਿਮਦਾਬਾਦ-ਲੰਡਨ ਗੈਟਵਿਕ ਉਡਾਣ ਰੱਦ ਕਰ ਦਿੱਤੀ ਸੀ। ਏਅਰਲਾਈਨ ਨੇ ਕਿਹਾ ਸੀ ਕਿ ਭਾਰਤ ਵਿੱਚ ਏਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਡੀਜੀਸੀਏ ਜਾਂਚ ਦਾ ਹਿੱਸਾ ਹਨ। ਏਅਰ ਇੰਡੀਆ ਵੱਲੋਂ ਬਰਤਾਨੀਆ ਅਤੇ ਯੂਰਪ ਲਈ ਬੀ-787-8 ਡਰੀਮਲਾਈਨਰਜ਼ ਚਲਾਈ ਜਾਂਦੀ ਹੈ।
ਏਅਰ ਇੰਡੀਆ ਦੀਆਂ ਲੰਡਨ ਅਤੇ ਪੈਰਿਸ ਲਈ ਉਡਾਣਾਂ ਵੱਖ-ਵੱਖ ਕਾਰਨਾਂ ਕਰ ਕੇ ਰੱਦ ਕੀਤੀਆਂ ਗਈਆਂ ਸਨ। ਇੱਕ ਤਕਨੀਕੀ ਸਮੱਸਿਆ ਕਾਰਨ ਸਾਂ ਫਰਾਂਸਿਸਕੋ-ਮੁੰਬਈ ਉਡਾਣ ਦੇ ਯਾਤਰੀਆਂ ਨੂੰ ਇੱਕ ਸਟਾਪਓਵਰ ਦੌਰਾਨ ਜਹਾਜ਼ ਤੋਂ ਉਤਾਰਨਾ ਪਿਆ ਸੀ।
ਏਅਰ ਇੰਡੀਆ ਨੇ ਉਡਾਣ ਭਰਨ ਤੋਂ ਪਹਿਲਾਂ ਜਾਂਚ ਦੌਰਾਨ ਕੁਝ ਸਮੱਸਿਆਵਾਂ ਆਉਣ ਕਰ ਕੇ ਦਿੱਲੀ-ਪੈਰਿਸ ਉਡਾਣ ਨੂੰ ਵੀ ਰੱਦ ਕਰ ਦਿੱਤਾ ਸੀ ਅਤੇ ਅਹਿਮਦਾਬਾਦ-ਲੰਡਨ ਉਡਾਣ ਨੂੰ ਜਹਾਜ਼ ਉਪਲੱਬਧ ਨਾ ਹੋਣ ਕਰ ਕੇ ਰੱਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਏਅਰ ਇੰਡੀਆ ਨੇ ਸਾਂ-ਫਰਾਂਸਿਸਕੋ-ਮੁੰਬਈ ਉਡਾਣ ਨੂੰ ਇਸ ਦੇ ਇੱਕ ਇੰਜਣ ਵਿੱਚ ਤਕਨੀਕੀ ਖਰਾਬੀ ਕਰ ਕੇ ਮੰਗਲਵਾਰ ਦੀ ਸਵੇਰ ਨੂੰ ਰੱਦ ਕਰ ਦਿੱਤਾ। ਇਹ ਉਡਾਣਾਂ ਰੱਦ ਕਰਨ ਦੀ ਇਕ ਮੁੱਖ ਵਜ੍ਹਾ ਇਹ ਵੀ ਹੈ ਕਿ ਤਫ਼ਤੀਸ਼ਕਾਰ 12 ਜੂਨ ਦੇ ਅਹਿਮਦਾਬਾਦ ਜਹਾਜ਼ ਹਾਦਸੇ ਪਿਛਲੇ ਕਾਰਨਾਂ ਦੀ ਘੋਖ ਕਰ ਰਹੇ ਹਨ। -ਪੀਟੀਆਈ