ਦਿੱਲੀ ਵਿੱਚ ਹਵਾ ਫਿਰ ਗੰਧਲੀ ਹੋਈ
ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਮੁੜ ਵਿਗੜ ਗਈ ਹੈ, ਔਸਤਨ 324 ਏ ਕਿਊ ਆਈ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਇੱਕ ਦਿਨ ਪਹਿਲਾਂ ਇਹ 292 ਸੀ। ਆਨੰਦ ਵਿਹਾਰ ਵਿੱਚ ਏ ਕਿਊ ਆਈ 430 ਅਤੇ ਵਜ਼ੀਰਪੁਰ ਵਿੱਚ 403 ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।
ਲੋਧੀ ਰੋਡ (287), ਇੰਡੀਆ ਗੇਟ (325), ਆਸ਼ਰਮ ਤੇ ਮਹਾਰਾਣੀ ਬਾਗ ਸਮੇਤ ਹੋਰ ਖੇਤਰਾਂ ਵਿੱਚ ਵੀ ਏ ਕਿਊ ਆਈ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। 28 ਨਿਗਰਾਨੀ ਸਟੇਸ਼ਨਾਂ ਨੇ 300 ਤੋਂ ਵੱਧ ਏ ਕਿਊ ਆਈ ਦਰਜ ਕੀਤਾ ਹੈ।
ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਪਾਅ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਮੁੱਖ ਸੜਕਾਂ ਤੇ ਨਿਰਮਾਣ ਖੇਤਰਾਂ ਵਿੱਚ ਪਾਣੀ ਵਾਲੇ ਟੈਂਕਰਾਂ ਨਾਲ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਮਨਸੂਈ ਮੀਂਹ ਦੀ ਯੋਜਨਾ ਬਣਾਈ ਗਈ ਹੈ, ਜਿਸ ਦੇ ਸ਼ੁਰੂਆਤੀ ਟੈਸਟ ਬੁਰਾੜੀ ਵਿੱਚ ਕੀਤੇ ਗਏ ਹਨ। ਇਹ ਪ੍ਰਾਜੈਕਟ ਆਈ ਆਈ ਟੀ ਕਾਨਪੁਰ ਤੇ ਦਿੱਲੀ ਸਰਕਾਰ ਦੀ ਇੱਕ ਸਾਂਝੀ ਪਹਿਲ ਹੈ, ਜਿਸ ਦੀ ਸਫਲਤਾ ਮੌਸਮ ਸਬੰਧੀ ਸਥਿਤੀਆਂ ’ਤੇ ਨਿਰਭਰ ਕਰਦੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਦਿੱਲੀ ਦੀ ਲਗਾਤਾਰ ਪ੍ਰਦੂਸ਼ਣ ਸਮੱਸਿਆ ਨੂੰ ਹੱਲ ਕਰਨ ਲਈ ਕਲਾਉਡ ਸੀਡਿੰਗ ਜ਼ਰੂਰੀ ਹੈ। 27 ਅਕਤੂਬਰ ਨੂੰ ਤਾਪਮਾਨ 23.3 ਡਿਗਰੀ ਅਤੇ 31.9 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਜਦੋਂ ਕਿ 28 ਅਕਤੂਬਰ ਨੂੰ 22.6 ਤੋਂ 30.2 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।। 29 ਅਤੇ 30 ਅਕਤੂਬਰ ਨੂੰ ਤਾਪਮਾਨ ਥੋੜ੍ਹਾ ਵਧਣ ਨਾਲ ਇਹ 31 ਤੋਂ 31.5 ਡਿਗਰੀ ਸੈਲਸੀਅਸ ਦੇ ਨੇੜੇ ਰਹੇਗਾ। 31 ਅਕਤੂਬਰ ਨੂੰ ਬੱਦਲਵਾਈ ਰਹਿਣ ਦੀ ਉਮੀਦ ਹੈ, ਜਿਸ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਪੇਸ਼ੀਨਗੋਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 15.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪਿਛਲੇ ਦੋ ਸਾਲਾਂ ਵਿੱਚ ਅਕਤੂਬਰ ਵਿੱਚ ਸਭ ਤੋਂ ਘੱਟ ਹੈ। ਪਾਰਾ ਮੌਸਮੀ ਔਸਤ ਤੋਂ 1.4 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਕੌਮੀ ਰਾਜਧਾਨੀ ਵਿੱਚ ਰਾਤ ਦਾ ਤਾਪਮਾਨ ਲਗਪਗ 16 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਨਮੀ ਸਵੇਰੇ 8:30 ਵਜੇ 66 ਫ਼ੀਸਦੀ ਰਹੀ। ਵੱਧ ਤੋਂ ਵੱਧ ਤਾਪਮਾਨ 30 ਤੋਂ 32.1 ਡਿਗਰੀ ਸੈਲਸੀਅਸ ਸੀ। ਦਿਨ ਵੇਲੇ ਆਸਮਾਨ ਸਾਫ਼ ਰਿਹਾ ਤੇ ਸ਼ਾਮ ਨੂੰ ਕਿਤੇ ਕਿਤੇ ਬੱਦਲਵਾਈ ਸੀ। ਸ਼ਹਿਰ ਵਿੱਚ 10.1 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਲਕੀਆਂ ਹਵਾਵਾਂ ਵਗ਼ੀਆਂ।
