ਹਵਾਈ ਸੈਨਾ ਮੁਖੀ ਏਪੀ ਸਿੰਘ ਪਵਿੱਤਰ ਜੋੜੇ ਸਾਹਿਬ ਨਗਰ ਕੀਰਤਨ ’ਚ ਸ਼ਾਮਲ ਹੋਏ
ਭਾਰਤੀ ਹਵਾਈ ਸੈਨਾ ਦੇ ਮੁਖੀ ਅਮਰ ਪ੍ਰੀਤ ਸਿੰਘ ਗੁਰਦੁਆਰਾ ਮੋਤੀ ਬਾਗ ਤੋਂ ਸਜਾਏ ਗਏ ਨਗਰ ਕੀਰਤਨ ਵਿੱਚ ਸ਼ਾਮਲ ਹੋਏ, ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਤਖ਼ਤ ਪਟਨਾ ਸਾਹਿਬ ਲਈ ਰਵਾਨਾ ਹੋਣਗੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਪਰਿਵਾਰ, ਜੋ ਪਿਛਲੇ 300 ਸਾਲਾਂ ਤੋਂ ਇਨ੍ਹਾਂ ਪਵਿੱਤਰ ਜੋੜੇ ਸਾਹਿਬ ਦਾ ਸੇਵਾਦਾਰ ਰਿਹਾ ਹੈ, ਨੇ ਇਨ੍ਹਾਂ ਦੀ ਦੇਖਭਾਲ ਅਤੇ ਜ਼ਿੰਮੇਵਾਰੀ ਸਿੱਖ ਸੰਗਤ ਨੂੰ ਸੌਂਪ ਦਿੱਤੀ ਹੈ।
ਇਹ ਪਵਿੱਤਰ ਜੋੜੇ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀਆਂ ਗਈਆਂ ਸਨ ਅਤੇ ਸੰਗਤ ਦੇ ਦਰਸ਼ਨਾਂ ਲਈ ਮੋਤੀ ਬਾਗ ਗੁਰਦੁਆਰਾ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ।
ਹਰਦੀਪ ਪੁਰੀ ਖੁਦ ਕੱਲ੍ਹ ਜੋੜੇ ਸਾਹਿਬ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਏ ਸਨ।
ਇਹ ਪਵਿੱਤਰ ਜੋੜੇ ਸਾਹਿਬ ਦਿੱਲੀ ਤੋਂ ਪਟਨਾ ਤੱਕ 1500 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕਈ ਸ਼ਹਿਰਾਂ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਜਾਣਗੇ। ਇਨ੍ਹਾਂ ਨੂੰ ਤਖ਼ਤ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇਗਾ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ।
ਪਹਿਲਾਂ ਇਨ੍ਹਾਂ ਪਵਿੱਤਰ ਜੋੜੇ ਸਾਹਿਬ ਨੂੰ ਰੱਖਣ ਬਾਰੇ ਫੈਸਲਾ ਕਰਨ ਲਈ ਸਿੱਖ ਪ੍ਰਭਾਵਕਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਸੀ। ਜਿਸ ਨੇ ਸਰਬਸੰਮਤੀ ਨਾਲ ਪਟਨਾ ਸਾਹਿਬ ਗੁਰਦੁਆਰਾ ਨੂੰ ਜੋੜੇ ਸਾਹਿਬ ਦਾ ਸਥਾਨ ਬਣਾਉਣ ਲਈ ਵੋਟ ਦਿੱਤੀ ਸੀ। ਜ਼ਿਕਰਯੋਗ ਹੈ ਕਿ ਜੋੜੇ ਸਾਹਿਬ ਪੁਰੀ ਦੇ ਪੁਰਖਿਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਜੋਂ ਦਸਵੇਂ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਸਨ।