DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਰੀਬਾਂ ਤੋਂ ਬਾਅਦ ਮੱਧ ਵਰਗ ਭਾਜਪਾ ਸਰਕਾਰ ਦੀ ਮਾਰ ਹੇਠ: ਭਾਰਦਵਾਜ

ਦਿੱਲੀ ਦੇ ਨਿੱਜੀ ਸਕੂਲਾਂ ’ਚ ਫੀਸਾਂ ਦੇ ਵਾਧੇ ਮਗਰੋਂ ‘ਆਪ’ ਨੇ ਭਾਜਪਾ ਨੂੰ ਘੇਰਿਆ
  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਸੌਰਭ ਭਾਰਦਵਾਜ ਤੇ ਹੋਰ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 4 ਅਪਰੈਲ

Advertisement

ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਨਿੱਜੀ ਸਕੂਲਾਂ ਨੇ 20 ਤੋਂ 82 ਫੀਸਦੀ ਫੀਸਾਂ ਵਧਾ ਦਿੱਤੀਆਂ ਹਨ ਅਤੇ ਬੱਚਿਆਂ ਦੇ ਮਾਪੇ ਇਸ ਦਾ ਵਿਰੋਧ ਕਰ ਰਹੇ ਹਨ ਪਰ ਭਾਜਪਾ ਸਰਕਾਰ ਵੱਡੇ ਸਰਮਾਏਦਾਰ ਸਕੂਲ ਮਾਲਕਾਂ ਦੇ ਨਾਲ ਖੜ੍ਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਅਤੇ ਬੇਕਾਬੂ ਫ਼ੀਸਾਂ ਦੇ ਵਾਧੇ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਦਸ ਸਾਲਾਂ ਵਿੱਚ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੂੰ ਬਿਨਾਂ ਕਾਰਨ ਫੀਸਾਂ ਵਿੱਚ ਵਾਧਾ ਨਹੀਂ ਕਰਨ ਦਿੱਤਾ ਸੀ। ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਗਰੀਬਾਂ ਨੂੰ ਬਹੁਤ ਕੁਝ ਮਿਲਿਆ ਹੈ ਅਤੇ ਭਾਜਪਾ ਇਸ ਤੋਂ ਇਨਕਾਰ ਨਹੀਂ ਕਰ ਸਕਦੀ ਪਰ ਪਿਛਲੇ ਕੁਝ ਸਾਲਾਂ ਤੋਂ ਭਾਜਪਾ ਦਿੱਲੀ ਦੇ ਲੋਕਾਂ ਵਿੱਚ ਇਹ ਕੂੜ ਪ੍ਰਚਾਰ ਕਰ ਰਹੀ ਸੀ ਕਿ ਉਨ੍ਹਾਂ ਨੂੰ ਜੋ ਵੀ ਮਿਲਿਆ, ਗਰੀਬਾਂ ਨੂੰ ਹੀ ਮਿਲਿਆ, ਮੱਧ ਵਰਗ ਨੂੰ ਕੀ ਮਿਲਿਆ? ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਿਲਣੀ ਬੰਦ ਹੋ ਗਈ ਹੈ ਜੋ ਸਿਰਫ਼ ਮੱਧ ਵਰਗ ਲਈ ਸੀ। ਦਿੱਲੀ ਦੇ ਪ੍ਰਾਈਵੇਟ ਸਕੂਲਾਂ ’ਚ ਪਹਿਲੀ ਅਪਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਮੱਧ ਵਰਗ ਨੂੰ ਦੂਜਾ ਵੱਡਾ ਝਟਕਾ ਫੀਸਾਂ ’ਚ ਵਾਧੇ ਦਾ ਹੈ। ਦਿੱਲੀ ਦੇ ਲਗਭਗ ਸਾਰੇ ਪ੍ਰਾਈਵੇਟ ਸਕੂਲਾਂ ਨੇ 20 ਤੋਂ 82 ਫੀਸਦੀ ਫ਼ੀਸਾਂ ਵਧਾ ਦਿੱਤੀਆਂ ਹਨ।

ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਥਿਤ ਇਕ ਬਹੁਤ ਹੀ ਮਸ਼ਹੂਰ ਸਕੂਲ ਦੀ ਦਵਾਰਕਾ, ਵਸੰਤ ਕੁੰਜ ਅਤੇ ਰੋਹਿਣੀ ਸ਼ਾਖਾਵਾਂ ’ਚ ਫੀਸਾਂ ਵਧਾ ਕੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 7ਵੀਂ ਅਤੇ 10ਵੀਂ ਜਮਾਤ ਦੇ ਬੱਚੇ ਪਹਿਲੇ ਦਿਨ ਸਕੂਲ ਜਾਂਦੇ ਹਨ ਅਤੇ ਪ੍ਰਾਰਥਨਾ ਦੌਰਾਨ ਕੁਝ ਬੱਚਿਆਂ ਨੂੰ ਜ਼ਮੀਨ ’ਤੇ ਰੋਕ ਕੇ ਕਲਾਸ ਰੂਮ ’ਚ ਜਾਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਸਾਰੇ ਬੱਚੇ ਜਮਾਤਾਂ ਵਿੱਚ ਜਾ ਕੇ ਪੜ੍ਹ ਰਹੇ ਹਨ, ਪਰ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਵਧੀ ਹੋਈ ਫੀਸ ਨਹੀਂ ਭਰੀ, ਉਨ੍ਹਾਂ ਨੂੰ ਸਾਰਾ ਦਿਨ ਲਾਇਬ੍ਰੇਰੀ ਵਿੱਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਹੈ।

ਸੌਰਭ ਭਾਰਦਵਾਜ ਨੇ ਦੱਸਿਆ ਕਿ ਮਯੂਰ ਵਿਹਾਰ ਫੇਜ਼ 3 ਵਿੱਚ ਸਥਿਤ ਪਬਲਿਕ ਸਕੂਲ ਨੇ ਫੀਸਾਂ ਵਿੱਚ 82 ਫੀਸਦੀ ਵਾਧਾ ਕਰਨ ਦੀ ਗੱਲ ਕਹੀ ਹੈ। ਇਹ ਸਕੂਲ ਪਹਿਲਾਂ ਵੀ 57 ਫੀਸਦੀ ਫੀਸਾਂ ਵਧਾ ਚੁੱਕਾ ਹੈ ਅਤੇ ਹੁਣ 25 ਫੀਸਦੀ ਵਧਾਏਗਾ। ਜਿਨ੍ਹਾਂ ਬੱਚਿਆਂ ਨੇ ਵਧੀ ਹੋਈ ਫੀਸ ਨਹੀਂ ਭਰੀ, ਉਨ੍ਹਾਂ ਦੇ ਨਤੀਜੇ ਰੋਕ ਲਏ ਗਏ ਹਨ। ਮਾਪੇ ਵਿਰੋਧ ਕਰ ਰਹੇ ਹਨ। ਬੁਰਾੜੀ ਤੋਂ ‘ਆਪ’ ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਦਿੱਲੀ ’ਚ ਭਾਜਪਾ ਦੀ ਸਰਕਾਰ ਬਣਦੇ ਹੀ ਰੁਝਾਨ ਸਾਹਮਣੇ ਆਉਣ ਲੱਗੇ ਹਨ ਅਤੇ ਪਹਿਲੀ ਮਾਰ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ’ਤੇ ਪਈ ਹੈ। ਇਸੇ ਲਈ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਵਾਰ-ਵਾਰ ਕਹਿੰਦੇ ਸਨ ਕਿ ਜੇਕਰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਮਹਿੰਗੀਆਂ ਹੋ ਜਾਣਗੀਆਂ। ਇਸ ਦੌਰਾਨ ‘ਆਪ’ ਆਗੂ ਆਦਿਲ ਖਾਨ ਨੇ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਲਗਾਤਾਰ ਕਿਹਾ ਸੀ ਕਿ ਜੇ ਗਲਤੀ ਨਾਲ ਵੀ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਤਾਂ ਉਹ ਦਿੱਲੀ ਵਿੱਚ ਤਬਾਹੀ ਲਿਆਵੇਗੀ। ਦਿੱਲੀ ’ਚ ਜ਼ਿਆਦਾਤਰ ਥਾਵਾਂ ’ਤੇ ਬਿਜਲੀ ਕੱਟ ਸ਼ੁਰੂ ਹੋ ਗਏ ਹਨ ਅਤੇ ਬਿਜਲੀ ਦੀ ਮੰਗ ਜ਼ਿਆਦਾ ਨਾ ਹੋਣ ਦੇ ਬਾਵਜੂਦ ਲੋਕ ਪ੍ਰੇਸ਼ਾਨ ਹਨ।

Advertisement
×