ਹਾਈ ਕੋਰਟ ਦੀ ਝਾੜ ਤੋਂ ਬਾਅਦ ਕੇਂਦਰ ਨੇ ਕੇਜਰੀਵਾਲ ਨੂੰ ਟਾਈਪ-VII ਬੰਗਲਾ ਅਲਾਟ ਕੀਤਾ: ਆਪ
ਕੇਂਦਰ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਰਾਜਧਾਨੀ ਵਿੱਚ ਇੱਕ ਟਾਈਪ-VII ਬੰਗਲਾ ਅਲਾਟ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਕੇਜਰੀਵਾਲ 95 ਲੋਧੀ ਅਸਟੇਟ ਵਾਲੀ ਰਿਹਾਇਸ਼ ਵਿੱਚ...
ਕੇਂਦਰ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਰਾਜਧਾਨੀ ਵਿੱਚ ਇੱਕ ਟਾਈਪ-VII ਬੰਗਲਾ ਅਲਾਟ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਕੇਜਰੀਵਾਲ 95 ਲੋਧੀ ਅਸਟੇਟ ਵਾਲੀ ਰਿਹਾਇਸ਼ ਵਿੱਚ ਰਹਿਣਗੇ, ਜੋ ਉਨ੍ਹਾਂ ਨੂੰ ‘‘ਦਿੱਲੀ ਹਾਈ ਕੋਰਟ ਵੱਲੋਂ ਕੇਂਦਰ ਨੂੰ ਝਾੜ ਪਾਉਣ ਤੋਂ ਬਾਅਦ ਅਲਾਟ ਕੀਤਾ ਗਿਆ ਹੈ।’’
'ਆਪ' ਦੇ ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਪੀ ਟੀ ਆਈ ਵੀਡੀਓਜ਼ ਨੂੰ ਦੱਸਿਆ, ‘‘ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਵੱਲੋਂ ਝਾੜ ਮਿਲਣ ਤੋਂ ਬਾਅਦ ਕੇਂਦਰ ਵੱਲੋਂ ਇੱਕ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਹੈ। ਉਹ ਇੱਕ ਕੌਮੀ ਪਾਰਟੀ ਦੇ ਕਨਵੀਨਰ ਹੋਣ ਕਰਕੇ ਬੰਗਲੇ ਦੇ ਹੱਕਦਾਰ ਸਨ।’’
ਪਿਛਲੇ ਮਹੀਨੇ ਦਿੱਲੀ ਹਾਈ ਕੋਰਟ ਨੇ ਕੌਮੀ ਰਾਜਧਾਨੀ ਵਿੱਚ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਅਲਾਟ ਕਰਨ ਦੇ ਫੈਸਲੇ ਵਿੱਚ ਦੇਰੀ ਲਈ ਕੇਂਦਰ ਨੂੰ ਝਾੜ ਪਾਈ ਸੀ।
ਮੁੱਖ ਮੰਤਰੀ ਹੁੰਦਿਆਂ ਕੇਜਰੀਵਾਲ 6, ਫਲੈਗ ਸਟਾਫ ਰੋਡ, ਸਿਵਲ ਲਾਈਨਜ਼ ਵਿਖੇ ਇੱਕ ਰਿਹਾਇਸ਼ ਵਿੱਚ ਰਹਿੰਦੇ ਸਨ।
ਭਾਜਪਾ ਨੇ ਇਸ ਘਰ ਨੂੰ ਸ਼ੀਸ਼ ਮਹਿਲ ਕਹਿ ਕੇ ਦਿੱਲੀ ਵਿੱਚ ਇੱਕ ਵੱਡਾ ਚੋਣ ਮੁੱਦਾ ਬਣਾਇਆ ਸੀ ਅਤੇ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਮੁੱਖ ਮੰਤਰੀ ਉੱਥੇ ਨਹੀਂ ਰਹੇਗਾ।
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੇਜਰੀਵਾਲ 'ਆਪ' ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤੇ ਗਏ ਇੱਕ ਸਰਕਾਰੀ ਬੰਗਲੇ ਵਿੱਚ ਰਹਿਣ ਲੱਗ ਪਏ ਸਨ।
2022 ਵਿੱਚ ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੇ ਨਿਰਦੇਸ਼ਾਂ 'ਤੇ ਪੀ.ਡਬਲਿਊ.ਡੀ. ਦੁਆਰਾ ਸਿਵਲ ਲਾਈਨਜ਼ ਬੰਗਲੇ ਦੀ ਮੁਰੰਮਤ ਵਿੱਚ "ਬੇਨਿਯਮੀਆਂ ਅਤੇ ਲਾਗਤ ਵਧਾਉਣ" ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਸੀ। ਵਰਤਮਾਨ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਤਤਕਾਲੀ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਦੀ ਸ਼ਿਕਾਇਤ ’ਤੇ ਸੀ.ਬੀ.ਆਈ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸ਼ਿਕਾਇਤ ਜੋ ਦਸੰਬਰ 2024 ਵਿੱਚ ਸਕਸੈਨਾ ਕੋਲ ਦਾਇਰ ਕੀਤੀ ਗਈ ਸੀ।