ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਦੂਸ਼ਣ ’ਚ ਮਾਮੂਲੀ ਸੁਧਾਰ ਤੋਂ ਬਾਅਦ ਹਾਲਾਤ ਫਿਰ ਵਿਗੜੇ

ਹਵਾ ਦੀ ਗੁਣਵੱਤਾ ਮੁੜ ‘ਬਹੁਤ ਮਾੜੀ’ ਸ਼੍ਰੇਣੀ ’ਚ ਪੁੱਜੀ; ਐਂਟੀ ਸਮੌਗ ਗੰਨਜ਼ ’ਤੇ ਜੀ ਪੀ ਐੱਸ ਰਾਹੀਂ ਰੱਖੀ ਜਾਵੇਗੀ ਨਜ਼ਰ
ਗਾਜ਼ੀਪੁਰ ਵਿੱਚ ਧੁਆਂਖੀ ਧੁੰਦ ’ਚੋਂ ਲੰਘਦੇ ਹੋਏ ਵਾਹਨ। -ਫੋਟੋ: ਏਐੱਨਆਈ
Advertisement

ਦਿੱਲੀ ਵਿੱਚ ਹਵਾ ਦੀ ਗੁਣਵੱਤਾ ਅੱਜ ਸਵੇਰੇ ਮੁੜ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਭਾਵੇਂ ਪਿਛਲੇ ਦਿਨਾਂ ਦੌਰਾਨ ਹਾਲਾਤ ਵਿੱਚ ਮਾਮੂਲੀ ਸੁਧਾਰ ਹੋਇਆ ਸੀ ਪਰ ਹੁਣ ਪ੍ਰਦੂਸ਼ਣ ਦਾ ਲੰਮਾ ਦੌਰ ਮੁੜ ਵਾਪਸੀ ਕਰਦਾ ਨਜ਼ਰ ਆ ਰਿਹਾ ਹੈ। ਸ਼ਹਿਰ ਵਿੱਚ ਲਗਾਤਾਰ 24 ਦਿਨ ਹਵਾ ‘ਬਹੁਤ ਮਾੜੀ’ ਰਹਿਣ ਮਗਰੋਂ ਐਤਵਾਰ ਨੂੰ ਏ ਕਿਊ ਆਈ 279 ਦਰਜ ਕੀਤਾ ਗਿਆ ਸੀ, ਜੋ ‘ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅੰਕੜਿਆਂ ਮੁਤਾਬਕ ਅੱਜ ਸਵੇਰੇ 9 ਵਜੇ ਦਿੱਲੀ ਦਾ ਏ ਕਿਊ ਆਈ 340 ਸੀ। ਅਕਸ਼ਰਧਾਮ ਮੰਦਰ ਦੇ ਆਲੇ-ਦੁਆਲੇ ਦਾ ਇਲਾਕਾ ਅੱਜ ਸਵੇਰੇ ਜ਼ਹਿਰੀਲੇ ਧੂੰਏਂ ਦੀ ਚਾਦਰ ਹੇਠ ਢਕਿਆ ਰਿਹਾ ਅਤੇ ਇੱਥੇ ਏ ਕਿਊ ਆਈ 383 ਦਰਜ ਕੀਤਾ ਗਿਆ। ਗਾਜ਼ੀਪੁਰ ਖੇਤਰ ਵਿੱਚ ਵੀ ਏ ਕਿਊ ਆਈ 383 ਰਿਹਾ। ਇਸੇ ਤਰ੍ਹਾਂ ਇੰਡੀਆ ਗੇਟ, ਕਰਤਵਯ ਪਥ ਅਤੇ ਆਈ ਟੀ ਓ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਹਵਾ ਦੀ ਗੁਣਵੱਤਾ ਗੰਭੀਰ ਪੱਧਰ ਦੇ ਨੇੜੇ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਸੀ ਪੀ ਸੀ ਬੀ ਵੱਲੋਂ 201 ਤੋਂ 300 ਵਿਚਕਾਰ ਏ ਕਿਊ ਆਈ ਨੂੰ ‘ਮਾੜਾ’, 301 ਤੋਂ 400 ਨੂੰ ‘ਬਹੁਤ ਮਾੜਾ’ ਅਤੇ 401 ਤੋਂ 500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਇਸ ਸੀਜ਼ਨ ਵਿੱਚ 5 ਨਵੰਬਰ ਨੂੰ ਆਖਰੀ ਵਾਰ ਏ ਕਿਊ ਆਈ ‘ਮਾੜੀ’ ਸ਼੍ਰੇਣੀ (202) ਵਿੱਚ ਰਿਕਾਰਡ ਕੀਤਾ ਗਿਆ ਸੀ।

Advertisement

‘ਸਮੀਰ ਐਪ’ ਅਨੁਸਾਰ ਸੋਮਵਾਰ ਨੂੰ ਕਿਸੇ ਵੀ ਨਿਗਰਾਨੀ ਸਟੇਸ਼ਨ ’ਤੇ ‘ਗੰਭੀਰ’ ਹਵਾ ਗੁਣਵੱਤਾ ਦਰਜ ਨਹੀਂ ਕੀਤੀ ਗਈ ਸੀ। ਨਵੰਬਰ ਮਹੀਨੇ ਦਾ ਔਸਤ ਏ ਕਿਊ ਆਈ 357 ਰਿਹਾ, ਜੋ 2024 ਵਿੱਚ 374 ਅਤੇ 2023 ਵਿੱਚ 366 ਨਾਲੋਂ ਥੋੜ੍ਹਾ ਬਿਹਤਰ ਸੀ। ਪਿਛਲੇ ਮਹੀਨੇ ਸ਼ਹਿਰ ਵਿੱਚ ਕੋਈ ਵੀ ਦਿਨ ‘ਚੰਗਾ’, ‘ਸੰਤੁਸ਼ਟੀਜਨਕ’ ਜਾਂ ‘ਦਰਮਿਆਨੀ’ ਹਵਾ ਵਾਲਾ ਨਹੀਂ ਸੀ, ਜਦੋਂਕਿ ਤਿੰਨ ਦਿਨ ‘ਮਾੜੇ’, 24 ਦਿਨ ‘ਬਹੁਤ ਮਾੜੇ’ ਅਤੇ ਤਿੰਨ ਦਿਨ ‘ਗੰਭੀਰ’ ਸ਼੍ਰੇਣੀ ਵਾਲੇ ਦਰਜ ਕੀਤੇ ਗਏ। ਦੂਜੇ ਪਾਸੇ, ਪ੍ਰਦੂਸ਼ਣ ਨਾਲ ਨਜਿੱਠਣ ਲਈ ਤਾਇਨਾਤ ਐਂਟੀ ਸਮੌਗ ਗੰਨਾਂ ਅਤੇ ਰੱਖ-ਰਖਾਅ ਵੈਨਾਂ ਦੀ ਹੁਣ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਗੱਡੀਆਂ ਜੀ ਪੀ ਐੱਸ ਨਾਲ ਲੈਸ ਹਨ। ਲੋਕ ਨਿਰਮਾਣ ਵਿਭਾਗ ਦੇ ਮੁੱਖ ਦਫ਼ਤਰ ਨਾਲ ਜੁੜੇ ਸਿਸਟਮ ਰਾਹੀਂ ਇਨ੍ਹਾਂ ਦੀ ਹਰ ਵੇਲੇ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ।

Advertisement
Show comments