ਨਾਜਾਇਜ਼ ਗੈਸਟ ਹਾਊਸਾਂ ਖ਼ਿਲਾਫ਼ ਕਾਰਵਾਈ
ਪੂਰਬੀ ਦਿੱਲੀ ਦੇ ਸ਼ਾਹਦਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰਬੀ ਦਿੱਲੀ ਦੇ ਯਮੁਨਾਪਾਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਗ਼ਲਤ ਤਰੀਕੇ ਨਾਲ ਬਣੇ ਗੈਸਟ ਹਾਊਸਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਸਥਾਨਕ ਨਿਵਾਸੀਆਂ ਦੇ ਨਾਲ-ਨਾਲ ਸੱਤਾਧਾਰੀ ਕੌਂਸਲਰ ਅਤੇ ਵਿਧਾਇਕ ਵੀ ਲੰਬੇ ਸਮੇਂ ਤੋਂ ਇਨ੍ਹਾਂ ਗੈਸਟ ਹਾਊਸਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਦੱਸਿਆ ਗਿਆ ਹੈ ਕਿ ਨਗਰ ਨਿਗਮ, ਪੁਲੀਸ ਅਤੇ ਫਾਇਰ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਕਾਨੂੰਨੀ ਗੈਸਟ ਹਾਊਸਾਂ ਦੀ ਆੜ ਹੇਠ ਗੈਰ-ਕਾਨੂੰਨੀ ਗੈਸਟ ਹਾਊਸ ਚੱਲ ਰਹੇ ਸਨ। ਮੌਜੂਦਾ ਗੈਸਟ ਹਾਊਸਾਂ ਦੇ ਬਾਹਰ ਹੋਟਲ ਦੇ ਸਾਈਨ ਲਗਾਏ ਗਏ ਸਨ। ਸ਼ਾਹਦਰਾ ਐੱਸ ਡੀ ਐੱਮ ਨੇ 35 ਗੈਸਟ ਹਾਊਸ ਸੰਚਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਪ੍ਰਸ਼ਾਸਨ ਉਨ੍ਹਾਂ ਦੇ ਲਾਇਸੈਂਸਾਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰੇਗਾ। ਜੇਕਰ ਕਿਸੇ ਵੀ ਦਸਤਾਵੇਜ਼ ਵਿੱਚ ਕੋਈ ਕਮੀ ਪਾਈ ਜਾਂਦੀ ਹੈ, ਤਾਂ ਗੈਸਟ ਹਾਊਸ ਸੀਲ ਕੀਤੇ ਜਾਣਗੇ। ਸ਼ਾਹਦਰਾ ਐੱਸ ਡੀ ਐੱਮ ਤਪਨ ਝਾਅ ਨੇ ਕਿਹਾ ਕਿ ਪ੍ਰਸ਼ਾਸਨ ਨੇ ਦਿੱਲੀ ਨਗਰ ਨਿਗਮ ਤੋਂ ਗੈਸਟ ਹਾਊਸਾਂ ਦੀ ਸੂਚੀ ਮੰਗੀ ਸੀ। ਨਿਗਮ ਨੇ 35 ਗੈਸਟ ਹਾਊਸਾਂ ਦੀ ਸੂਚੀ ਉਨ੍ਹਾਂ ਦੇ ਪਤਿਆਂ ਸਮੇਤ ਪ੍ਰਸ਼ਾਸਨ ਨੂੰ ਸੌਂਪ ਦਿੱਤੀ। ਪ੍ਰਸ਼ਾਸਨ ਨੇ ਇਨ੍ਹਾਂ ਗੈਸਟ ਹਾਊਸ ਸੰਚਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਦਸ ਚੀਜ਼ਾਂ ਦੀ ਮੰਗ ਕੀਤੀ। ਪਹਿਲਾ ਕਾਰਪੋਰੇਸ਼ਨ ਦਾ ਲਾਇਸੈਂਸ, ਦੂਜਾ ਫਾਇਰ ਐੱਨ ਓ ਸੀ, ਬਿਜਲੀ ਕੁਨੈਕਸ਼ਨ, ਜੀ ਐੱਸ ਟੀ ਨੰਬਰ, ਲੇਆਊਟ ਪਲਾਨ, ਮਾਲਕੀ ਅਧਿਕਾਰ, ਜਾਇਦਾਦ ਦੇ ਵੇਰਵੇ, ਸੀ ਸੀ ਟੀ ਵੀ ਕੈਮਰਿਆਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਰਿਕਾਰਡਿੰਗਾਂ ਕਿੰਨੀ ਦੇਰ ਤੱਕ ਸਟੋਰ ਕੀਤੀਆਂ ਜਾਂਦੀਆਂ ਹਨ, ਰਸੋਈ ਚਲਾਉਣ ਲਈ ਫੂਡ ਲਾਇਸੈਂਸ ਹੈ ਜਾਂ ਨਹੀਂ ਅਤੇ ਪਾਣੀ ਦਾ ਸਰੋਤ ਕੀ ਹੈ।
