ਤੇਜ਼ਾਬੀ ਹਮਲਾ: ਪਿਤਾ ਦੇ ਕਹਿਣ ’ਤੇ ਘੜੀ ਸੀ ਸਾਜ਼ਿਸ਼
ਦਿੱਲੀ ਪੁਲੀਸ ਨੇ ਕਿਹਾ ਕਿ ਤੇਜ਼ਾਬੀ ਹਮਲੇ ਮਾਮਲੇ ਵਿੱਚ 20 ਸਾਲਾ ਕਾਲਜ ਵਿਦਿਆਰਥਣ ਨੇ ਆਪਣੇ ਪਿਤਾ ਦੇ ਕਹਿਣ ’ਤੇ ਹਮਲੇ ਦੀ ਸਾਜ਼ਿਸ਼ ਘੜੀ ਸੀ। ਪੁਲੀਸ ਅਨੁਸਾਰ ਪਿਤਾ ਖ਼ਿਲਾਫ਼ ਜਬਰ-ਜਨਾਹ ਅਤੇ 2018 ਵਿੱਚ ਆਪਣੇ ਖ਼ਿਲਾਫ਼ ਦਰਜ ਕੀਤੇ ਤੇਜ਼ਾਬੀ ਹਮਲੇ ਦੇ ਕੇਸ ਦਾ ਬਦਲਾ ਲੈਣ ਲਈ ਲੜਕੀ ਨੇ ਖੁਦ ’ਤੇ ਟਾਇਲਟ ਕਲੀਨਰ ਡੋਲ੍ਹਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਪੁਲੀਸ ਵੱਲੋਂ ਲੜਕੀ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਵਿੱਚ ਲੜਕੀ ਦੇ ਪਿਤਾ, ਚਾਚੇ ਤੇ ਭਰਾ ਨੂੰ ਸ਼ਾਮਲ ਕੀਤਾ ਗਿਆ ਹੈ। ਬੀ ਕਾਮ ਦੂਜੇ ਸਾਲ ਦੀ ਵਿਦਿਆਰਥਣ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਜਦੋਂ ਉਹ ਕਲਾਸ ਲਈ ਜਾ ਰਹੀ ਤਾਂ ਅਸ਼ੋਕ ਵਿਹਾਰ ਨੇੜੇ ਤਿੰਨ ਵਿਅਕਤੀਆਂ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਉਸ ਨੇ ਤਿੰਨ ਮੁਲਜ਼ਮਾਂ ਦੀ ਪਛਾਣ ਜਤਿੰਦਰ ਅਤੇ ਉਸ ਦੇ ਸਾਥੀਆਂ ਵਜੋਂ ਕੀਤੀ ਸੀ। ਹਾਲਾਂਕਿ ਪੁਲੀਸ ਨੂੰ ਮੌਕੇ ’ਤੇ ਨਾ ਤਾਂ ਤੇਜ਼ਾਬ ਦਾ ਕੋਈ ਨਿਸ਼ਾਨ ਮਿਲਿਆ ਅਤੇ ਨਾ ਹੀ ਸੀਸੀਟੀਵੀ ਫੁਟੇਜ ਵਿੱਚ ਹਮਲਾਵਰਾਂ ਦਾ ਕੁਝ ਪਤਾ ਲੱਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਵਿਦਿਆਰਥਣ ਨੇ ਮੁਲਜ਼ਮ ਨੂੰ ਫਸਾਉਣ ਲਈ ਆਪਣੇ ਹੱਥ ’ਤੇ ਟਾਇਲਟ ਕਲੀਨਰ ਡੋਲ੍ਹਿਆ ਸੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਉੱਤਰ-ਪੱਛਮ) ਭੀਸ਼ਮ ਸਿੰਘ ਨੇ ਕਿਹਾ ਕਿ ਹਮਲੇ ਦੀ ਡੂੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਵਿਦਿਆਰਥਣ ਦੇ ਪਿਤਾ ਅਕੀਲ ਖਾਨ ਅਤੇ ਚਾਚਾ, ਵਕੀਲ ਖਾਨ ਨੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਜਤਿੰਤਰ ਅਤੇ ਦੋ ਹੋਰਾਂ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
