ਪੁਲੀਸ ਮੁਕਾਬਲੇ ’ਚ ਮੁਲਜ਼ਮ ਹਲਾਕ
ਭਾਜਪਾ ਦੇ ਇੱਕ ਨੇਤਾ ਦੇ ਘਰ ਡਾਕਟਰ ਦੀ ਹੱਤਿਆ ਅਤੇ ਚੋਰੀ ਵਿੱਚ ਲੋੜੀਂਦੇ ਇੱਕ ਮੁਲਜ਼ਮ ਨੂੰ ਦੱਖਣ-ਪੂਰਬੀ ਦਿੱਲੀ ਦੇ ਆਸਥਾ ਕੁੰਜ ਪਾਰਕ ਨੇੜੇ ਇੱਕ ਮੁਕਾਬਲੇ ਵਿੱਚ ਗੋਲੀ ਮਾਰ ਦਿੱਤੀ ਗਈ। ਜਾਣਕਾਰੀ ਅਨੁਸਾਰ ਇਹ ਮੁਕਾਬਲਾ ਦਿੱਲੀ ਪੁਲੀਸ ਅਤੇ ਗੁਰੂਗ੍ਰਾਮ ਪੁਲੀਸ ਦੀ ਅਪਰਾਧ ਸ਼ਾਖਾ ਦੀ ਸਾਂਝੀ ਟੀਮ ਵੱਲੋਂ ਕੀਤਾ ਗਿਆ। ਮੁਲਜ਼ਮ ਦੀ ਪਛਾਣ ਭੀਮ ਮਹਾਬਹਾਦੁਰ ਜ਼ੋਰਾ (39) ਵਜੋਂ ਹੋਈ ਹੈ। ਮੁਲਜ਼ਮ ਨੇਪਾਲ ਦੇ ਲਾਲਪੁਰ ਦਾ ਰਹਿਣ ਵਾਲਾ ਸੀ। ਪੁਲੀਸ ਨੇ ਉਸ ਦੇ ਸਿਰ ’ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦਿੱਲੀ, ਗੁਰੂਗ੍ਰਾਮ, ਗੁਜਰਾਤ ਅਤੇ ਬੰਗਲੁਰੂ ਵਿੱਚ ਕਤਲ, ਡਕੈਤੀ ਅਤੇ ਚੋਰੀ ਦੇ ਘੱਟੋ-ਘੱਟ ਛੇ ਮਾਮਲਿਆਂ ਵਿੱਚ ਸ਼ਾਮਲ ਸੀ। ਇਨ੍ਹਾਂ ਤੋਂ ਇਲਾਵਾ ਇਹ ਮੁਲਜ਼ਮ ਹੋਰ ਵੀ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ। ਇੱਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ, ਗੁਰੂਗ੍ਰਾਮ ਅਪਰਾਧ ਸ਼ਾਖਾ ਅਤੇ ਦੱਖਣ-ਪੂਰਬੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ ਦੀ ਇੱਕ ਸਾਂਝੀ ਟੀਮ ਨੇ ਅਸਥਾ ਕੁੰਜ ਪਾਰਕ ਦੇ ਨੇੜੇ ਮੁਲਜ਼ਮ ਜ਼ੋਰਾ ਨੂੰ ਰੋਕਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ੋਰਾ ਨੇ ਪੁਲੀਸ ਟੀਮ ’ਤੇ ਛੇ ਗੋਲੀਆਂ ਚਲਾਈਆਂ। ਪੁਲੀਸ ਨੇ ਵੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ’ਤੇ ਪੰਜ ਗੋਲੀਆਂ ਚਲਾਈਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ। ਪੁਲੀਸ ਵੱਲੋਂ ਮੁਲਜ਼ਮ ਜ਼ੋਰਾ ਨੂੰ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮੌਕੇ ਤੋਂ ਇੱਕ ਆਟੋਮੈਟਿਕ ਪਿਸਤੌਲ, ਘਰ ਤੋੜਨ ਵਾਲੇ ਔਜ਼ਾਰਾਂ ਦਾ ਇੱਕ ਬੈਗ, ਇੱਕ ਜ਼ਿੰਦਾ ਕਾਰਤੂਸ ਅਤੇ ਕਈ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ।