ਪੁਲੀਸ ਮੁਕਾਬਲੇ ’ਚ ਮੁਲਜ਼ਮ ਗ੍ਰਿਫ਼ਤਾਰ
ਦਿੱਲੀ ਦੇ ਰੋਹਿਣੀ ਸੈਕਟਰ 36 ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਮੈਂਬਰਾਂ ਤੇ ਮੁਲਜ਼ਮ ਵਿਚਕਾਰ ਮੁਕਾਬਲਾ ਹੋਇਆ। ਮੇਰਠ ਵਿੱਚ ਇੱਕ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਹਮਜ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਕਾਬਲੇ ਦੌਰਾਨ ਹਮਜ਼ਾ ਦੀ ਲੱਤ ਵਿੱਚ ਗੋਲੀ ਲੱਗੀ। ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਹਮਜ਼ਾ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੁਲਜ਼ਮ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਮੁਲਜ਼ਮ ਖਿਲਾਫ ਦਸ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਪੁਲੀਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਕਬਾਲੇ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਰੋਹਿਣੀ ਸਥਿਤ ਡੀ ਡੀ ਏ ਜਲ ਬੋਰਡ ਬਿਲਡਿੰਗ ਦੇ ਨੇੜੇ ਇੱਕ ਸਕੂਟੀ ’ਤੇ ਸਵਾਰ ਦੇਖਿਆ ਗਿਆ। ਜਦੋਂ ਪੁਲੀਸ ਪਾਰਟੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲੀਸ ਪਾਰਟੀ ਨੂੰ ਚੁਣੌਤੀ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਵਿੱਚ ਉਸ ਦੀ ਸਕੂਟੀ ਸੜਕ ’ਤੇ ਤਿਲਕ ਗਈ। ਸਕੂਟੀ ਡਿੱਗਣ ਮਗਰੋਂ ਉਸ ਨੂੰ ਬਚਣ ਦਾ ਕੋਈ ਰਸਤਾ ਨਾ ਮਿਲਣ ’ਤੇ, ਉਸ ਨੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ ਅਤੇ ਦੋ ਗੋਲੀਆਂ ਚਲਾਈਆਂ। ਚੇਤਾਵਨੀ ਦੇਣ ਦੇ ਬਾਵਜੂਦ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗੋਲੀਬਾਰੀ ਜਾਰੀ ਰੱਖੀ। ਪੁਲੀਸ ਨੇ ਵੀ ਸਵੈ-ਰੱਖਿਆ ਵਿੱਚ ਗੋਲੀਆਂ ਚਲਾਈਆਂ, ਐੱਸ ਆਈ ਅੰਸ਼ੂ ਕਾਦੀਆਂ ਅਤੇ ਐੱਚ ਸੀ ਮਹੀਪਾਲ ਨੇ ਆਪਣੀ ਸਰਵਿਸ ਪਿਸਤੌਲ ਤੋਂ ਇੱਕ-ਇੱਕ ਗੋਲੀ ਚਲਾਈ, ਜਿਸ ਵਿੱਚ ਇੱਕ ਗੋਲੀ ਮੁਲਜ਼ਮ ਦੀ ਖੱਬੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਡਿੱਗ ਪਿਆ, ਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।