‘ਏ ਬੀ ਵੀ ਪੀ’ ਦਾ ਆਰੀਅਨ ਮਾਨ ‘ਡੂਸੂ’ ਦਾ ਨਵਾਂ ਪ੍ਰਧਾਨ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ‘ਡੂਸੂ’ ਦੇ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਆਰ.ਐੱਸ.ਐੱਸ. ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ‘ਏ.ਬੀ.ਵੀ.ਪੀ.’ ਦੇ ਉਮੀਦਵਾਰ ਆਰੀਅਨ ਮਾਨ ਪ੍ਰਧਾਨ ਚੁਣੇ ਗਏ ਹਨ, ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਉੱਪਰ ਕਾਂਗਰਸ ਦੇ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ‘ਐੱਨ.ਐੱਸ.ਯੂ.ਆਈ ਦੇ ਉਮੀਦਵਾਰ ਰਾਹੁਲ ਝਾਂਸਲਾ ਜਿੱਤੇ ਹਨ। ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਉੱਪਰ ਵੀ ਏ.ਬੀ.ਵੀ.ਪੀ. ਦੇ ਉਮੀਦਵਾਰ ਜਿੱਤੇ ਹਨ।
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਚੋਣ 2025 ਦੀ ਗਿਣਤੀ ਸਮਾਪਤ ਹੋਈ ਜਿਸ ਵਿੱਚ ਏ.ਬੀ.ਵੀ.ਪੀ. ਦੇ ਆਰੀਅਨ ਮਾਨ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਨਵੇਂ ਪ੍ਰਧਾਨ ਬਣੇ। ਇਸ ਦੌਰਾਨ ਐੱਨ.ਐੱਸ.ਯੂ.ਆਈ. ਦੇ ਰਾਹੁਲ ਝਾਂਸਲਾ ਮੀਤ ਪ੍ਰਧਾਨ ਚੁਣੇ ਗਏ ਹਨ। ਆਰੀਅਨ ਮਾਨ ਨੇ ਕੁੱਲ 28,841 ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਐੱਨ.ਐੱਸ.ਯੂ.ਆਈ. ਦੀ ਜੋਸਲਿਨ ਨੰਦਿਤਾ ਚੌਧਰੀ ਨੂੰ 12,645 ਵੋਟਾਂ ਪ੍ਰਾਪਤ ਹੋਈਆਂ। ਐੱਨ.ਐੱਸ.ਯੂ.ਆਈ. ਦੇ ਉਮੀਦਵਾਰ ਰਾਹੁਲ ਝਾਂਸਲਾ ਨੇ 29,339 ਵੋਟਾਂ ਨਾਲ ਮੀਤ ਪ੍ਰਧਾਨ ਬਣੇ ਅਤੇ ਏ.ਬੀ.ਵੀ.ਪੀ. ਦੇ ਗੋਵਿੰਦ ਤੰਵਰ ਨੂੰ 20,547 ਵੋਟਾਂ ਪਈਆਂ। ਏ.ਬੀ.ਵੀ.ਪੀ. ਦੇ ਕੁਨਾਲ ਚੌਧਰੀ ਨੇ 23,779 ਵੋਟਾਂ ਪ੍ਰਾਪਤ ਕੀਤੀਆਂ ਅਤੇ ਐੱਨ.ਐੱਸ.ਯੂ.ਆਈ. ਦੇ ਕਬੀਰ ਨੂੰ ਹਰਾ ਕੇ ਸਕੱਤਰ ਦਾ ਅਹੁਦਾ ਹਾਸਲ ਕੀਤਾ।
ਵੀਰਵਾਰ ਨੂੰ ਹੋਈਆਂ ਚੋਣਾਂ ਵਿੱਚ 50 ਮਾਨਤਾ ਪ੍ਰਾਪਤ ਕਾਲਜਾਂ ਵਿੱਚ ਲਗਪਗ ਪੌਣੇ ਤਿੰਨ ਲੱਖ ਯੋਗ ਵਿਦਿਆਰਥੀਆਂ ਨੇ ਆਪਣੀਆਂ ਵੋਟਾਂ ਪਾਈਆਂ। 195 ਬੂਥਾਂ ਵਾਲੇ 52 ਕੇਂਦਰਾਂ ’ਤੇ ਵੋਟਿੰਗ ਹੋਈ, ਜਿੱਥੇ 711 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਲਾਈਆਂ ਗਈਆਂ ਸਨ। ਅੰਤਿਮ ਵੋਟ ਫੀਸਦ 39.45 ਪ੍ਰਤੀਸ਼ਤ ਸੀ। ਇਸ ਸਾਲ 21 ਉਮੀਦਵਾਰ ਚਾਰ ਮੁੱਖ ਵਿਦਿਆਰਥੀ ਸੰਗਠਨ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੇ ਸਨ। ਇਨ੍ਹਾਂ ਵਿੱਚੋਂ ਨੌਂ ਉਮੀਦਵਾਰ ਪ੍ਰਧਾਨ ਦੀ ਸੀਟ ਲਈ ਚੋਣ ਲੜ ਰਹੇ ਸਨ, ਜਦੋਂ ਕਿ ਬਾਕੀ 12 ਹੋਰ ਤਿੰਨ ਅਹੁਦਿਆਂ ਲਈ ਚੋਣ ਲੜ ਰਹੇ ਸਨ। ਇਹ ਇੱਕ ਤਿਕੋਣਾ ਮੁਕਾਬਲਾ ਰਿਹਾ, ਮੁੱਖ ਮੁਕਾਬਲਾ ਏ.ਬੀ.ਵੀ.ਪੀ. ਅਤੇ ਐੱਨ.ਐੱਸ.ਯੂ.ਆਈ. ਵਿਚਕਾਰ ਸੀ। ਦੋਵਾਂ ਪਾਰਟੀਆਂ ਨੇ ਸਾਲਾਂ ਤੋਂ ਡੂਸੂ ਚੋਣਾਂ ’ਤੇ ਦਬਦਬਾ ਬਣਾਇਆ ਹੋਇਆ ਹੈ।
ਦਿੱਲੀ ਯੂਨੀਵਰਸਿਟੀ ਲੰਮੇ ਸਮੇਂ ਤੋਂ ਭਵਿੱਖ ਦੇ ਰਾਜਨੀਤਿਕ ਨੇਤਾਵਾਂ ਲਈ ਇੱਕ ਸਿਖਲਾਈ ਸਥਾਨ ਵਜੋਂ ਕੰਮ ਕਰਦੀ ਆਈ ਹੈ, ਇਸ ਦੀ ਵਿਦਿਆਰਥੀ ਸੰਸਥਾ, ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਨੇ ਭਾਰਤੀ ਰਾਜਨੀਤੀ ਵਿੱਚ ਕਈ ਪ੍ਰਮੁੱਖ ਨਾਮ ਪੈਦਾ ਕੀਤੇ ਹਨ। ਅਰੁਣ ਜੇਤਲੀ ਤੋਂ ਰੇਖਾ ਗੁਪਤਾ ਤੱਕ, ਡੂਸੂ ਦੇ ਕਈ ਸਾਬਕਾ ਪ੍ਰਧਾਨਾਂ ਨੇ ਸਰਕਾਰ ਅਤੇ ਜਨਤਕ ਜੀਵਨ ਵਿੱਚ ਪ੍ਰਭਾਵਸ਼ਾਲੀ ਅਹੁਦਿਆਂ ’ਤੇ ਕਬਜ਼ਾ ਕੀਤਾ ਹੈ। ਅਰੁਣ ਜੇਤਲੀ ਨੇ ਆਪਣਾ ਰਾਜਨੀਤਿਕ ਸਫ਼ਰ 1974-75 ਵਿੱਚ ‘ਡੂਸੂ’ ਪ੍ਰਧਾਨ ਵਜੋਂ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਹ ਇੱਕ ਸੀਨੀਅਰ ਭਾਜਪਾ ਨੇਤਾ ਅਤੇ ਵਿੱਤ ਮੰਤਰੀ ਬਣੇ। 1996-97 ਵਿੱਚ ‘ਡੂਸੂ’ ਦੀ ਪ੍ਰਧਾਨ ਰਹੀ ਰੇਖਾ ਗੁਪਤਾ ਨੇ 2025 ਵਿੱਚ ਦਿੱਲੀ ਦੀ ਮੁੱਖ ਮੰਤਰੀ ਬਣ ਕੇ ਇਤਿਹਾਸ ਰਚਿਆ। ਉਨ੍ਹਾਂ ਦਾ ਸਫ਼ਰ ਰਾਜਨੀਤੀ ਵਿੱਚ ਔਰਤਾਂ ਦੀ ਵੱਧਦੀ ਭਾਗੀਦਾਰੀ ਅਤੇ ਇਸ ਬਦਲਾਅ ਦਾ ਸਮਰਥਨ ਕਰਨ ਵਿੱਚ ‘ਡੂਸੂ’ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਵਿਜੈ ਗੋਇਲ ਨੂੰ 1977 ਵਿੱਚ ‘ਡੂਸੂ ਦਾ ਪ੍ਰਧਾਨ ਚੁਣਿਆ ਗਿਆ ਸੀ। ਬਾਅਦ ਵਿੱਚ ਵਾਜਪਾਈ ਸਰਕਾਰ ਅਧੀਨ ਰਾਜ ਮੰਤਰੀ ਬਣੇ ਅਤੇ ਦਿੱਲੀ ਦੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿੱਚ ਮਦਦ ਕੀਤੀ। ਅਜੈ ਮਾਕਨ 1985 ਵਿੱਚ 21 ਸਾਲ ਦੀ ਉਮਰ ਵਿੱਚ ਡੂਸੂ ਦੇ ਪ੍ਰਧਾਨ ਬਣੇ। ਉਹ ਰਾਜਨੀਤੀ ਵਿੱਚ ਤੇਜ਼ੀ ਨਾਲ ਉੱਭਰੇ ਦਿੱਲੀ ਅਤੇ ਕੇਂਦਰ ਸਰਕਾਰ ਦੋਵਾਂ ਵਿੱਚ ਮੰਤਰੀ ਬਣੇ। ਕਾਂਗਰਸ ਦੀ ਅਲਕਾ ਲਾਂਬਾ 1995 ਵਿੱਚ ਪ੍ਰਧਾਨ ਅਤੇ ਵਿਜੈ ਜੌਲੀ 1980 ’ਚ ਪ੍ਰਧਾਨ ਬਣੇ, ਦੋਵਾਂ ਨੇ ਰਾਜਨੀਤੀ ਵਿੱਚ ਆਪਣੀ ਪਛਾਣ ਬਣਾਈ।