‘ਆਪ’ ਵਰਕਰਾਂ ਵੱਲੋਂ ਜਲ ਬੋਰਡ ਖ਼ਿਲਾਫ਼ ਪ੍ਰਦਰਸ਼ਨ
ਪਾਣੀ ਦੇ ਸੰਕਟ ਕਾਰਨ ਵੱਡੀ ਗਿਣਤੀ ਲੋਕ ਸਡ਼ਕਾਂ ’ਤੇ ਉੱਤਰੇ ; ਬੁਨਿਆਦੀ ਸਹੂਲਤਾਂ ਦੇਣ ’ਚ ਨਾਕਾਮ ਰਹਿਣ ਦਾ ਦੋਸ਼
ਤਿਉਹਾਰਾਂ ਦੇ ਮੌਸਮ ਦੌਰਾਨ ਕੌਮੀ ਰਾਜਧਾਨੀ ਦਿੱਲੀ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਛਤਰਪੁਰ ਇਲਾਕੇ ਵਿੱਚ ਅੱਜ ਪਾਣੀ ਦੀ ਭਾਰੀ ਕਿੱਲਤ ਤੋਂ ਗੁੱਸੇ ਵਿੱਚ ਆਏ ਸੈਂਕੜੇ ਲੋਕਾਂ ਨੇ ‘ਆਪ’ ਕੌਂਸਲਰ ਪਿੰਕੀ ਤਿਆਗੀ ਦੀ ਅਗਵਾਈ ਹੇਠ ਦਿੱਲੀ ਜਲ ਬੋਰਡ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਖਾਲੀ ਭਾਂਡੇ ਅਤੇ ਪੋਸਟਰ ਫੜ ਕੇ ਭਾਜਪਾ ਸਰਕਾਰ ਤੋਂ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ‘ਚਾਰ ਇੰਜਣਾਂ ਵਾਲੀ ਸਰਕਾਰ’ ਹੋਣ ਦੇ ਬਾਵਜੂਦ ਭਾਜਪਾ ਦਿੱਲੀ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਛਤਰਪੁਰ, ਮਹਿਰੌਲੀ, ਦਿਓਲੀ ਅਤੇ ਕਾਲਕਾਜੀ ਦੇ ਨਾਲ-ਨਾਲ ਪੂਰਬੀ ਅਤੇ ਉੱਤਰ-ਪੂਰਬੀ ਦਿੱਲੀ ਦੇ ਲੋਕ ਵੀ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਉਨ੍ਹਾਂ ਦੱਖਣੀ ਦਿੱਲੀ ਵਿੱਚ ਪਾਣੀ ਦੇ ਟੈਂਕਰਾਂ ਦੀ ਵੰਡ ਵਿੱਚ ਵੱਡੇ ਪੱਧਰ ’ਤੇ ਮਾੜੇ ਪ੍ਰਬੰਧ ਅਤੇ ਭ੍ਰਿਸ਼ਟਾਚਾਰ ਹੋਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸੰਕਟ ਇੰਨਾ ਡੂੰਘਾ ਹੈ ਕਿ ਵਸੰਤ ਕੁੰਜ ਵਰਗੇ ਪਾਸ਼ ਇਲਾਕੇ ਦੇ ਤਿੰਨ ਵੱਡੇ ਸ਼ਾਪਿੰਗ ਮਾਲ ਵੀ ਪਾਣੀ ਦੀ ਕਮੀ ਕਾਰਨ ਬੰਦ ਹੋਣ ਦੀ ਕਗਾਰ ’ਤੇ ਹਨ।
ਇਸ ਮੌਕੇ ਛਤਰਪੁਰ ਤੋਂ ਕੌਂਸਲਰ ਪਿੰਕੀ ਤਿਆਗੀ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਹਾਲਾਤ ਗਰਮੀਆਂ ਨਾਲੋਂ ਵੀ ਬਦਤਰ ਹੋ ਗਏ ਹਨ। ਹਰ ਪਰਿਵਾਰ ਪਾਣੀ ਦੀ ਇੱਕ-ਇੱਕ ਬਾਲਟੀ ਲਈ ਸੜਕਾਂ ‘ਤੇ ਭਟਕ ਰਿਹਾ ਹੈ। ਲੋਕ ਇੱਕ ਗਲਾਸ ਪਾਣੀ ਲਈ ਵੀ ਤਰਸ ਰਹੇ ਹਨ ਅਤੇ ਜਿੱਥੇ ਕਿਤੇ ਪਾਣੀ ਆਉਣ ਦੀ ਖ਼ਬਰ ਮਿਲਦੀ ਹੈ, ਉੱਥੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਨਿੱਜੀ ਟੈਂਕਰਾਂ ਦਾ ਪ੍ਰਬੰਧ ਕਰ ਲੈਂਦੇ ਸਨ, ਪਰ ਹੁਣ ਉਹ ਵੀ ਉਪਲਬਧ ਨਹੀਂ ਹਨ।
ਪਿੰਕੀ ਤਿਆਗੀ ਨੇ ਚਿਤਾਵਨੀ ਦਿੱਤੀ ਕਿ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜਲ ਬੋਰਡ ਦੇ ਸੀਨੀਅਰ ਅਧਿਕਾਰੀ ਜਾਂ ਚੁਣੇ ਹੋਏ ਨੁਮਾਇੰਦੇ ਇਹ 100 ਫੀਸਦੀ ਭਰੋਸਾ ਨਹੀਂ ਦਿੰਦੇ ਕਿ ਹਰ ਘਰ ਵਿੱਚ ਟੂਟੀਆਂ ਰਾਹੀਂ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।