‘ਆਪ’ ਵਿਦਿਆਰਥੀ ਵਿੰਗ ਵੱਲੋਂ ਐੱਸਐੱਸਸੀ ਘਪਲੇ ਖ਼ਿਲਾਫ਼ ਪ੍ਰਦਰਸ਼ਨ
ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏਐੱਸਏਪੀ) ਨੇ ਐੱਸਐੱਸਸੀ ਪ੍ਰੀਖਿਆਵਾਂ ਵਿੱਚ ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧਨ ਵਿਰੁੱਧ ਪ੍ਰਦਰਸ਼ਨ ਕਰਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਏਐੱਸਏਪੀ ਨਾਲ ਜੁੜੇ ਵਿਦਿਆਰਥੀਆਂ ਨੇ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਪ੍ਰਤੀਕ ਵਜੋਂ ਅੰਤਿਮ ਸਸਕਾਰ ਜਲੂਸ ਕੱਢਿਆ ਅਤੇ ਉਨ੍ਹਾਂ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਏਐੱਸਏਪੀ ਦੇ ਸੰਗਠਨ ਸਕੱਤਰ ਓਮ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਦਿਆਰਥੀ ਅੱਜ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹ ਲਾਪ੍ਰਵਾਹੀ ਨਹੀਂ, ਸਗੋਂ ਇੱਕ ਸੰਗਠਿਤ ਸਾਜ਼ਿਸ਼ ਹੈ। ਇਹ ਦੁੱਖ ਦੀ ਗੱਲ ਹੈ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਇਸ ਪੂਰੇ ਮਾਮਲੇ ਵਿੱਚ ਪੂਰੀ ਤਰ੍ਹਾਂ ਚੁੱਪ ਹਨ। ਕੀ ਇਹ ਚੁੱਪੀ ਕਿਸੇ ਬਚਾਅ ਦੀ ਨਿਸ਼ਾਨੀ ਤਾਂ ਨਹੀ।
ਉਨ੍ਹਾਂ ਕਿਹਾ ਕਿ ਏਐਸਏਪੀ ਦੀ ਮੰਗ ਹੈ ਕਿ ਐੱਸਐੱਸਸੀ ਘੁਟਾਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਜ਼ਿੰਮੇਵਾਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਹੀ ਇਸ ਬੇਇਨਸਾਫ਼ੀ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਹੁਣ ਦੇਸ਼ ਦਾ ਨੌਜਵਾਨ ਚੁੱਪ ਨਹੀਂ ਬੈਠੇਗਾ। ਹਰ ਮੋਰਚੇ ‘ਤੇ ਸੰਘਰਸ਼ ਜਾਰੀ ਰਹੇਗਾ।
ਵਿਦਿਆਰਥਣ ਆਗੂ ਇਸਨਾ ਗੁਪਤਾ ਨੇ ਕਿਹਾ ਕਿ ਐੱਸਐੱਸਸੀ ਦੀਆਂ ਭਰਤੀ ਪ੍ਰਕਿਰਿਆਵਾਂ ਸਾਲਾਂ ਤੋਂ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਨਾਲ ਭਰੀਆਂ ਹੋਈਆਂ ਹਨ। ਜਦੋਂ ਵਿਦਿਆਰਥੀ ਸੜਕਾਂ ‘ਤੇ ਉਤਰਦੇ ਹਨ, ਤਾਂ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਨੂੰ ਦਮਨ ਦੁਆਰਾ ਦਬਾ ਦਿੱਤਾ ਜਾਂਦਾ ਹੈ। ਇਹ ਲੜਾਈ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਸਿਸਟਮ ਨੂੰ ਬਦਲਣ ਲਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਨਸਾਫ਼ ਦੀ ਮੰਗ ਕਰਨ ਵਾਲੇ ਹਰ ਵਿਦਿਆਰਥੀ ਦੇ ਉਹ ਨਾਲ ਹਨ। ਏਐੱਸਏਪੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਿਰਫ਼ ਸ਼ੁਰੂਆਤ ਹੈ, ਜੇ ਸਰਕਾਰ ਅਜੇ ਵੀ ਚੁੱਪ ਰਹੀ ਤਾਂ ਇਹ ਅੰਦੋਲਨ ਦੇਸ਼ ਭਰ ਵਿੱਚ ਹਿੰਸਕ ਰੂਪ ਧਾਰਨ ਕਰੇਗਾ ਅਤੇ ਹਰ ਵਿਦਿਆਰਥੀ ਆਪਣੀ ਆਵਾਜ਼ ਉਠਾਏਗਾ।