‘ਆਪ’ ਵੱਲੋਂ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦਾ ਵਿਰੋਧ
ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਨੇੜੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਵਿਰੋਧ ਵਿੱਚ ਪਾਕਿਸਤਾਨੀ ਕ੍ਰਿਕਟਰਾਂ ਦਾ ਪੁਤਲਾ ਸਾੜਿਆ। ਇਸ ਵਿਰੋਧ ਪ੍ਰਦਰਸ਼ਨ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਕੀਤੀ। ਇਸ ਦੌਰਾਨ ਕਈ ‘ਆਪ’ ਵਿਧਾਇਕਾਂ, ਵਰਕਰਾਂ ਅਤੇ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਵਿਰੋਧ ਪ੍ਰਦਰਸ਼ਨ ਦੌਰਾਨ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਪ੍ਰਦਰਸ਼ਨ ਦੌਰਾਨ ਮੀਡੀਆ ਨੂੰ ਬਿਆਨ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੱਲ੍ਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਦਾ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਪਾਕਿਸਤਾਨ ਹੈ, ਜਿਸ ਨੇ ਕੁਝ ਦਿਨ ਪਹਿਲਾਂ ਕਸ਼ਮੀਰ ਵਿੱਚ ਦਾਖ਼ਲ ਹੋ ਕੇ ਦਰਜਨਾਂ ਭਾਰਤੀਆਂ ਦਾ ਖੂਨ ਵਹਾਇਆ, ਉਨ੍ਹਾਂ ਨੂੰ ਮਾਰਿਆ, ਸਾਡੀਆਂ ਮਾਵਾਂ ਅਤੇ ਭੈਣਾਂ ਨੂੰ ਵਿਧਵਾ ਬਣਾਇਆ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਉਨ੍ਹਾਂ ਹੀ ਪਾਕਿਸਤਾਨੀਆਂ ਨਾਲ ਕ੍ਰਿਕਟ ਮੈਚ ਖੇਡਣ ਜਾ ਰਹੀ ਹੈ, ਇਹ ਬਹੁਤ ਸ਼ਰਮ ਦੀ ਗੱਲ ਹੈ। ਸੌਰਭ ਭਾਰਦਵਾਜ ਨੇ ਆਪਣੇ ਬਿਆਨ ਦੌਰਾਨ ਮੀਡੀਆ ਦੇ ਸਾਹਮਣੇ ਇੱਕ ਪੋਸਟਰ ਵੀ ਪੇਸ਼ ਕੀਤਾ ਜਿਸ ਵਿੱਚ ਪਾਕਿਸਤਾਨੀ ਫੌਜ ਮੁਖੀ ਤਿਰੰਗੇ ਝੰਡੇ ਦੀ ਸਾੜੀ ਪਹਿਨੀ ਇੱਕ ਔਰਤ ਦੇ ਮਾਂਗ ਵਿੱਚ ਸਿੰਦੂਰ ਲਗਾ ਰਹੇ ਹਨ। ਇਸ ਪੋਸਟਰ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਪੋਸਟ ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਇਸ ਕ੍ਰਿਕਟ ਮੈਚ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਦਾ ਪ੍ਰਸਾਰਨ ਕਰਨ ਵਾਲੇ ਕਿਸੇ ਵੀ ਬਾਰ ਜਾਂ ਕਲੱਬ ਦਾ ਵੀ ਵਿਰੋਧ ਕੀਤਾ ਜਾਵੇਗਾ।
ਕੀ ਟਰੰਪ ਦੇ ਦਬਾਅ ਹੇਠ ਹੋ ਰਿਹਾ ਮੈਚ: ਕੇਜਰੀਵਾਲ
ਭਾਰਤ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਸਮੇਤ ਹੋਰ ਨੇਤਾਵਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਅਰਵਿੰਦ ਕੇਜਰੀਵਾਲ ਨੇ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਨਾਲ ਮੈਚ ਕਰਵਾਉਣ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਕਹਿ ਰਿਹਾ ਹੈ ਕਿ ਇਹ ਮੈਚ ਨਹੀਂ ਹੋਣਾ ਚਾਹੀਦਾ, ਫਿਰ ਇਹ ਮੈਚ ਕਿਉਂ ਕਰਵਾਇਆ ਜਾ ਰਿਹਾ ਹੈ। ਕੇਜਰੀਵਾਲ ਨੇ ਸਵਾਲ ਉਠਾਇਆ ਕਿ ਇਹ ਮੈਚ ਟਰੰਪ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੰਪ ਅੱਗੇ ਕਿੰਨਾ ਝੁਕਣਗੇ। ਦੂਜੇ ਪਾਸੇ, ਮਨੀਸ਼ ਸਿਸੋਦੀਆ ਨੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਸ਼ਹੀਦਾਂ ਦੇ ਖੂਨ ਤੋਂ ਕ੍ਰਿਕਟ ਦਾ ਜਨੂੰਨ ਕਦੋਂ ਤੋਂ ਵੱਡਾ ਹੋ ਗਿਆ ਹੈ।
ਭਾਜਪਾ ਨੇ ਪਹਿਲਗਾਮ ’ਚ ਭਰਾਵਾਂ ਦੀ ਸ਼ਹਾਦਤ ਦਾ ਸੌਦਾ ਕੀਤਾ: ‘ਆਪ’
‘ਆਪ’ ਆਗੂਆਂ ਨੇ ਕਿਹਾ ਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪਹਿਲਗਾਮ ਹਮਲੇ ਦੌਰਾਨ ਕਸ਼ਮੀਰ ਵਿੱਚ ਸ਼ਹੀਦ ਹੋਏ ਸਾਡੇ ਭਰਾਵਾਂ ਦੀ ਸ਼ਹਾਦਤ ਦਾ ਸੌਦਾ ਕੀਤਾ ਹੈ। ਸਾਡੀਆਂ ਮਾਵਾਂ ਅਤੇ ਭੈਣਾਂ ਦੇ ਸਿੰਧੂਰ ਨੂੰ ਤਬਾਹ ਕਰਨ ਵਾਲੇ ਪਾਕਿਸਤਾਨੀਆਂ ਨਾਲ ਕ੍ਰਿਕਟ ਖੇਡਣਾ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਕ੍ਰਿਕਟਰ ਨੇ ਸੋਸ਼ਲ ਮੀਡੀਆ ’ਤੇ ਕਸ਼ਮੀਰ ਵਿੱਚ ਵਿਧਵਾਵਾਂ ਬਣੀਆਂ ਔਰਤਾਂ ਦਾ ਅਪਮਾਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਕ੍ਰਿਕਟਰ ਨੇ ਪਾਕਿਸਤਾਨੀ ਫੌਜ ਮੁਖੀ ਦੀ ਇੱਕ ਭਾਰਤੀ ਔਰਤ ਦੀ ਮਾਂਗ ਵਿੱਚ ਸਿੰਧੂਰ ਲਗਾਉਣ ਦੀ ਫੋਟੋ ਪੋਸਟ ਕੀਤੀ। ਉਨ੍ਹਾਂ ਕਿਹਾ ਕਿ ਇਸ ਲਈ ਪਾਕਿਸਤਾਨ ਨਾਲ ਖੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।