‘ਆਪ’ ਨੇ ਸ਼ੁਰੂ ਕੀਤੀ ‘ਚੋਰੀ ਬਾਰੇ ਸ਼ਿਕਾਇਤ’ ਮੁਹਿੰਮ
ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਭਾਜਪਾ ਸਰਕਾਰ ਵੱਲੋਂ ਦਿੱਲੀ ਦੇ ਲੋਕਾਂ ਦੇ ਹੱਕਾਂ ਦੀ ਚੋਰੀ ਵਿਰੁੱਧ ‘ਚੋਰੀ ਬਾਰੇ ਸ਼ਿਕਾਇਤ’ ਮੁਹਿੰਮ ਸ਼ੁਰੂ ਕੀਤੀ ਹੈ। ਸੂਬਾ ਕਨਵੀਨਰ ਸੌਰਭ ਭਾਰਦਵਾਜ ਨੇ ‘ਆਪ’ ਮਹਿਲਾ ਵਿੰਗ ਦੀ ਦਿੱਲੀ ਸੂਬਾ ਪ੍ਰਧਾਨ ਸਾਰਿਕਾ ਚੌਧਰੀ ਨਾਲ ਮਿਲ ਕੇ ਪਾਰਟੀ ਹੈੱਡਕੁਆਰਟਰ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੀਆਂ ਔਰਤਾਂ ਨੇ 2500 ਰੁਪਏ, ਮੁਫ਼ਤ ਸਿਲੰਡਰ, ਮੁਫ਼ਤ ਦਵਾਈ ਅਤੇ ਮੁਫ਼ਤ ਸਹੂਲਤਾਂ ਚੋਰੀ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ।
ਇਸ ਸਬੰਧ ਵਿੱਚ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਵੋਟਾਂ ਚੋਰੀ ਕਰਕੇ, ਸਾੜੀਆਂ ਅਤੇ ਪੈਸੇ ਵੰਡ ਕੇ ਦਿੱਲੀ ਚੋਣਾਂ ਜਿੱਤੀਆਂ ਸਨ ਅਤੇ ਹੁਣ ਇਹ ਦਿੱਲੀ ਦੇ ਲੋਕਾਂ ਦੇ ਹੱਕ ਚੋਰੀ ਕਰ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਤੱਕ ਨਾ ਤਾਂ ਮੋਦੀ ਜੀ ਦਾ ਔਰਤਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਪੂਰਾ ਹੋਇਆ ਹੈ ਅਤੇ ਨਾ ਹੀ ਕਿਸੇ ਨੂੰ ਮੁਫ਼ਤ ਸਿਲੰਡਰ ਮਿਲਿਆ ਹੈ। ਹੁਣ ਹੌਲੀ-ਹੌਲੀ ਸਾਰੀਆਂ ਮੁਫ਼ਤ ਸਹੂਲਤਾਂ ਵੀ ਚੋਰੀ ਹੋ ਰਹੀਆਂ ਹਨ। ਸੌਰਭ ਭਾਰਦਵਾਜ ਨੇ ਕਿਹਾ, “ਚੋਰੀ ਦੀ ਰਿਪੋਰਟ ਕਰੋ, ਅਸੀਂ ਕੇਂਦਰ ਵਿੱਚ ਚੋਰੀ ਦੀਆਂ ਸ਼ਿਕਾਇਤਾਂ ਲੈ ਰਹੇ ਹਾਂ। ਦਿੱਲੀ ਵਿੱਚ ਭਾਜਪਾ ਸਰਕਾਰ ਨੇ ਛੇ ਮਹੀਨੇ ਪੂਰੇ ਕਰ ਲਏ ਹਨ। ਦਿੱਲੀ ਦੀਆਂ ਔਰਤਾਂ ਵਿੱਚ ਇਸ ਗੱਲ ਦੀ ਬਹੁਤ ਚਰਚਾ ਹੈ ਕਿ ਉਨ੍ਹਾਂ ਨੂੰ ਲੁੱਟਿਆ ਗਿਆ ਹੈ। ਪਹਿਲੀ ਚੋਰੀ ਵੋਟਾਂ ਦੀ ਸੀ। ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਅਸਲੀ ਵੋਟਰਾਂ ਦੀਆਂ ਵੋਟਾਂ ਕੱਟ ਕੇ ਅਤੇ ਫ਼ਰਜ਼ੀ ਵੋਟਾਂ ਬਣਾ ਕੇ ਜਿੱਤੀਆਂ। ਭਾਜਪਾ ਨੇ ਪਹਿਲਾਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਦੂਜਾ ਵਾਅਦਾ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਸੀ। ਭਾਜਪਾ ਨੇ 500 ਰੁਪਏ ਵਿੱਚ ਸਿਲੰਡਰ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾੜੀਆਂ, ਪੈਸੇ, ਸੋਨੇ ਦੀਆਂ ਚੇਨੀਆਂ, ਜੁੱਤੇ ਅਤੇ ਚਾਦਰਾਂ ਵੰਡ ਕੇ ਵੋਟਾਂ ਚੋਰੀ ਕੀਤੀਆਂ।”
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਅੱਜ ਪੂਰੀ ਦਿੱਲੀ ਵਿੱਚ ਹੋਣਾ ਸੀ, ਪਰ ਸਵੇਰੇ ਖ਼ਬਰ ਆਈ ਕਿ ਕਿਸੇ ਨੇ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਲਈ ਇਹ ਪ੍ਰੋਗਰਾਮ ਇੱਥੇ ਹੀ ਕੀਤਾ ਗਿਆ ਹੈ। ‘ਆਪ’ ਆਗੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੂਰੀ ਦਿੱਲੀ ਵਿੱਚ ਚੋਰੀ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਇਹ ਪ੍ਰੋਗਰਾਮ ਕਰਵਾਏ ਜਾਣਗੇ। ਇਸ ਦੌਰਾਨ ‘ਆਪ’ ਦੀ ਦਿੱਲੀ ਮਹਿਲਾ ਵਿੰਗ ਦੀ ਪ੍ਰਧਾਨ ਸਾਰਿਕਾ ਚੌਧਰੀ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਖੇਤਰਾਂ ਤੋਂ ਆ ਰਹੀਆਂ ਔਰਤਾਂ ਆਪਣੀਆਂ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਦੇ ਰਹੀਆਂ ਹਨ।