‘ਆਪ’ ਵੱਲੋਂ ਚੀਫ ਜਸਟਿਸ ਵੱਲ ਜੁੱਤੀ ਸੁੱਟਣ ਵਾਲੇ ਵਕੀਲ ਦੇ ਘਰ ਅੱਗੇ ਮੁਜ਼ਾਹਰਾ
ਹਮਲਾਵਰ ਲਈ ਜੁੱਤੀਆਂ ਦਾ ਹਾਰ ਲੈ ਕੇ ਪੁੱਜੇ ‘ਆਪ’ ਵਰਕਰ; ਹਮਲੇ ਨੂੰ ਅੰਬੇਡਕਰ ਦਾ ਅਪਮਾਨ ਦੱਸਿਆ
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲ ਇੱਕ ਵਕੀਲ ਵੱਲੋਂ ਜੁੱਤੀ ਸੁੱਟਣ ਦੀ ਘਟਨਾ ਤੋਂ ਨਾਰਾਜ਼ਗੀ ਪ੍ਰਗਟ ਕਰਦਿਆਂ ਬੁੱਧਵਾਰ ਨੂੰ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਦੀ ਅਗਵਾਈ ਹੇਠ ਹਮਲਾਵਰ ਵਕੀਲ ਦੇ ਘਰ ਬਾਹਰ ਮੁਜ਼ਾਹਰਾ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ।
ਸੌਰਭ ਭਾਰਦਵਾਜ ਤੇ ਵਿਧਾਇਕ ਕੁਲਦੀਪ ਕੁਮਾਰ ਹਮਲਾਵਰ ਵਕੀਲ ਲਈ ਆਪਣੇ ਨਾਲ ਜੁੱਤੀਆਂ ਦਾ ਹਾਰ ਵੀ ਲੈ ਕੇ ਆਏ ਸਨ, ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪ੍ਰਦਰਸ਼ਨਕਾਰੀ ਉੱਥੇ ਹੀ ਧਰਨਾ ਲਾ ਕੇ ਬੈਠ ਗਏ। ਸੌਰਭ ਭਾਰਦਵਾਜ ਨੇ ਕਿਹਾ ਕਿ ਦਲਿਤ ਚੀਫ਼ ਜਸਟਿਸ ’ਤੇ ਹਮਲਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਅਪਮਾਨ ਹੈ ਅਤੇ ਦੇਸ਼ ਦੇ ਲੋਕ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਨਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੰਵਿਧਾਨ ਜ਼ਿੰਦਾ ਹੈ, ਅਤੇ ਇਸੇ ਲਈ ਅਸੀਂ ਅੱਜ ਸੜਕਾਂ ‘ਤੇ ਬੇਇਨਸਾਫ਼ੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੇ ਯੋਗ ਹਾਂ। ਇਹ ਉਹ ਆਵਾਜ਼ ਹੈ ਜਿਸ ਨੂੰ ਇਹ ਲੋਕ ਦਬਾਉਣਾ ਚਾਹੁੰਦੇ ਹਨ। ਇਸੇ ਲਈ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ 400 ਤੋਂ ਵੱਧ ਸੀਟਾਂ ਦੀ ਜਿੱਤ ਦੀ ਅਪੀਲ ਕੀਤੀ ਤਾਂ ਜੋ ਸੰਵਿਧਾਨ ਨੂੰ ਬਦਲਿਆ ਜਾ ਸਕੇ।
ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਿਲ ਕੋਂਡਲੀ ਤੋਂ ‘ਆਪ’ ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਚੀਫ਼ ਜਸਟਿਸ ਬੀ.ਆਰ. ਗਵਈ ’ਤੇ ਹਮਲਾ ਸਿਰਫ਼ ਇੱਕ ਵਿਅਕਤੀ ’ਤੇ ਨਹੀਂ, ਸਗੋਂ ਦੇਸ਼ ਦੇ ਹਰ ਦਲਿਤ, ਪਛੜੇ ਵਰਗ ਤੇ ਘੱਟ ਗਿਣਤੀ ’ਤੇ ਹਮਲਾ ਹੈ। ਉਹ ਪੰਜ ਹਜ਼ਾਰ ਸਾਲ ਪੁਰਾਣੀ ਗੁਲਾਮੀ ਦੀ ਮਾਨਸਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਦੀ ਦਿੱਲੀ ਮਹਿਲਾ ਵਿੰਗ ਦੀ ਪ੍ਰਧਾਨ ਸਾਰਿਕਾ ਚੌਧਰੀ ਨੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ ਦਾ ਇਸ ਤਰ੍ਹਾਂ ਦਾ ਅਪਮਾਨ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦਾ ਇੱਕ ਵਿਅਕਤੀ ਸਾਲਾਂ ਦੀ ਪੜ੍ਹਾਈ, ਤਾਅਨੇ-ਮਿਹਣੇ ਅਤੇ ਸੰਘਰਸ਼ ਤੋਂ ਬਾਅਦ ਇਸ ਅਹੁਦੇ ’ਤੇ ਪਹੁੰਚਦਾ ਹੈ, ਤੇ ਉਸ ਨਾਲ ਇਸ ਤਰ੍ਹਾਂ ਦਾ ਵਤੀਰਾ ਨਿੰਦਣਯੋਗ ਹੈ। ਇਹ ਅਪਮਾਨ ਸਿਰਫ਼ ਇੱਕ ਜੱਜ ਦਾ ਨਹੀਂ, ਸਗੋਂ ਦੇਸ਼ ਦੇ ਹਰ ਦਲਿਤ, ਹਰ ਔਰਤ ਅਤੇ ਹਰ ਨੌਜਵਾਨ ਦਾ ਹੈ। ਚੀਫ਼ ਜਸਟਿਸ ਬੀ. ਆਰ. ਗਵਈ ’ਤੇ ਹਮਲਾ ਕਰਨ ਵਾਲੇ ਵਕੀਲ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਮੌਕੇ ਵੱਡੀ ਗਿਣਤੀ ‘ਆਪ’ ਵਰਕਰ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਭਾਜਪਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ ਦੀ ਨਿਖੇਧੀ
ਸੌਰਭ ਭਾਰਦਵਾਜ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ ਦੀ ਨਿਖੇਧੀ ਕੀਤੀ ਹੈ। ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਵਕੀਲ ਨੂੰ ‘ਭਗਵਾਨ ਦਾ ਅਵਤਾਰ’, ‘ਸੱਚਾ ਸਨਾਤਨੀ’ ਅਤੇ ‘ਹੀਰੋ’ ਵਜੋਂ ਦਰਸਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੌ ਸਾਲਾਂ ਵਿੱਚ ਆਰ ਐੱਸ ਐੱਸ ਨੇ ਕਦੇ ਵੀ ਕਿਸੇ ਦਲਿਤ ਨੂੰ ਆਪਣਾ ਸੰਘ ਸੰਚਾਲਕ ਨਹੀਂ ਨਿਯੁਕਤ ਕੀਤਾ।