‘ਆਪ’ ਵੱਲੋਂ ਜਸਟਿਸ ਵੱਲ ਜੁੱਤੀ ਸੁੱਟਣ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ
ਦੇਸ਼ ਦੇ ਦਲਿਤ ਚੀਫ਼ ਜਸਟਿਸ ਬੀਆਰ ਗਵਈ ਵੱਲੋਂ ਜੁੱਤੀ ਸੁੱਟਣ ਵਾਲੇ ਵਕੀਲ ਨੂੰ ਮੁਆਫ਼ ਕਰਨ ਅਤੇ ਉਸ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਫ਼ੈਸਲੇ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਅਤੇ ਹੋਰ...
ਦੇਸ਼ ਦੇ ਦਲਿਤ ਚੀਫ਼ ਜਸਟਿਸ ਬੀਆਰ ਗਵਈ ਵੱਲੋਂ ਜੁੱਤੀ ਸੁੱਟਣ ਵਾਲੇ ਵਕੀਲ ਨੂੰ ਮੁਆਫ਼ ਕਰਨ ਅਤੇ ਉਸ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਫ਼ੈਸਲੇ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਅਤੇ ਹੋਰ ਆਗੂਆਂ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਬੁੱਧਵਾਰ ਨੂੰ ਕਿਹਾ ਕਿ ਜਸਟਿਸ ਗਵਈ ਵੱਲ ਜੁੱਤੀ ਸੁੱਟਣ ਵਾਲੇ ਖ਼ਿਲਾਫ਼ ਕੇਸ ਛੱਡਣ ਅਤੇ ਕੋਈ ਕਾਰਵਾਈ ਨਾ ਕਰਨ ਦਾ ਫ਼ੈਸਲਾ ਸਚਮੁੱਚ ਉਨ੍ਹਾਂ ਦੀ ਮਹਾਨਤਾ ਦਾ ਪ੍ਰਮਾਣ ਹੈ। ਪਰ ਇਸ ਸਾਰੀ ਘਟਨਾ ਨੇ ਪੂਰੀ ਨਿਆਂਪਾਲਿਕਾ ਨੂੰ ਇੱਕ ਚੁਪ ਸੁਨੇਹਾ ਦਿੱਤਾ ਹੈ: ਜੇਕਰ ਚੀਫ਼ ਜਸਟਿਸ ’ਤੇ ਜੁੱਤੀ ਸੁੱਟਣ ਵਾਲਾ ਵਿਅਕਤੀ ਬਰੀ ਹੋ ਜਾਂਦਾ ਹੈ, ਤਾਂ ਦੂਜੇ ਜੱਜਾਂ ਦਾ ਕੀ ਹੋਵੇਗਾ? ਕੀ ਹੋਰ ਜੱਜ ਸੁਰੱਖਿਅਤ ਹਨ? ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੀਫ਼ ਜਸਟਿਸ ਨੇ ਜੁੱਤੀ ਸੁੱਟਣ ਵਾਲੇ ਨੂੰ ਮਾਫ਼ ਕਰਕੇ ਮਹਾਨਤਾ ਦਿਖਾਈ ਹੈ ਪਰ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਵੀ ਜ਼ਰੂਰੀ ਹੈ। ਇਸ ਦੌਰਾਨ ਪਾਰਟੀ ਦੇ ਦਿੱਲੀ ਰਾਜ ਕਨਵੀਨਰ, ਸੌਰਭ ਭਾਰਦਵਾਜ ਨੇ ਅਰਵਿੰਦ ਕੇਜਰੀਵਾਲ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜੇਕਰ ਅਜਿਹੇ ਅਨਸਰਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਪ੍ਰਭਾਵ ਹੋਰ ਕਮਜ਼ੋਰ ਹੋ ਜਾਵੇਗਾ। ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀ ਅਰਵਿੰਦ ਕੇਜਰੀਵਾਲ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਸੀਜੇਆਈ ’ਤੇ ਜੁੱਤੀ ਸੁੱਟਣ ਵਾਲੇ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਧਮਕੀ ਦੇਣ ਵਾਲੇ ਅੱਜ ਬਰੀ ਹੋ ਜਾਂਦੇ ਹਨ, ਤਾਂ ਕੱਲ੍ਹ ਕੋਈ ਵੀ ਜੱਜ ਸੁਰੱਖਿਅਤ ਨਹੀਂ ਰਹੇਗਾ।