‘ਆਪ’ ਕੌਂਸਲਰਾਂ ਵੱਲੋਂ ਨਗਰ ਨਿਗਮ ਦੇ ਸਦਨ ’ਚ ਹੰਗਾਮਾ
ਵੀਰਵਾਰ ਨੂੰ ਦਿੱਲੀ ਨਗਰ ਨਿਗਮ ‘ਐੱਮਸੀਡੀ’ ਦੀ ਮੀਟਿੰਗ ਸ਼ੁਰੂ ਹੁੰਦੇ ਹੀ ਹੰਗਾਮੇ ਵਿੱਚ ਬਦਲ ਗਈ। ਸਦਨ ਦੇ ਨੇਤਾ ਪ੍ਰਵੇਸ਼ ਵਾਹੀ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਈਆਰ - 2 ਪ੍ਰਾਜੈਕਟ ਲਈ 11 ਹਜ਼ਾਰ ਕਰੋੜ ਰੁਪਏ ਦੀ ਵੰਡ ਲਈ ਧੰਨਵਾਦ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਕੌਂਸਲਰ ਅਨਿਲ ਤਿਆਗੀ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਪਰ ਵਿਰੋਧੀ ਧਿਰ ਨੇ ਤੁਰੰਤ ਹੰਗਾਮਾ ਸ਼ੁਰੂ ਕਰ ਦਿੱਤਾ। ਦਿੱਲੀ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਵਿਰੁੱਧ ਭਾਜਪਾ ਦੇ ਕੌਂਸਲਰ ਪੰਕਜ ਲੂਥਰਾ ਉੱਤੇ ਲਗਾਏ ਗਏ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ‘ਆਪ’ ਕੌਂਸਲਰਾਂ ਨੇ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਵਿੱਚ ਵਿਘਨ ਪਿਆ। ‘ਆਪ’ ਕੌਂਸਲਰ ਡਿਪਟੀ ਕਮਿਸ਼ਨਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਸਨ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਹੰਗਾਮਾ ਕਰਕੇ ਸਦਨ ਦੀ ਕਾਰਵਾਈ ਰੋਕਣ ’ਤੇ ਅੜੇ ਰਹੇ, ਹਾਲਾਂਕਿ ਭਾਜਪਾ ਕੌਂਸਲਰਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਬਚਾਓ ਕੀਤਾ ਗਿਆ। ਅਜਿਹੀ ਸਥਿਤੀ ’ਚ ਮਾਹੌਲ ਤਣਾਅਪੂਰਨ ਵੀ ਹੋ ਗਿਆ। ਇਸ ਦੌਰਾਨ ‘ਆਪ’ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮਾ ਵਧਦਾ ਦੇਖ ਕੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਕੌਂਸਲਰ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਸਦਨ ਦੇ ਕੇਂਦਰ ਵਿੱਚ ਆ ਕੇ ਨਾਰੇਬਾਜ਼ੀ ਕਰਨ ਲੱਗੇ। ਉਧਰ ਭਾਜਪਾ ਦੇ ਕੌਂਸਲਰਾਂ ਨੇ ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨੀ ਦਿੱਲੀ ਲਈ ਦੋ ਅਹਿਮ ਸੜਕ ਪ੍ਰਾਜੈਕਟਾਂ ਸ਼ੁਰੂ ਕਰਨ ਦੇ ਮੱਦੇਨਜ਼ਰ ਦਿੱਲੀ ਨੂੰ ਹੋਣ ਵਾਲੇ ਲਾਭਾਂ ਦਾ ਜ਼ਿਕਰ ਕੀਤਾ ਅਤੇ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਦਿੱਲੀ ਦੀ ਆਰਥਿਕਤਾ ਨੂੰ ਵਧਾਉਣ ਵਾਲਾ ਦੱਸਿਆ।