ਡੀ ਬੀ ਸੀ ਵਰਕਰਾਂ ਦੀ ਹੜਤਾਲ ਕਾਰਨ ‘ਆਪ’ ਨੇ ਭਾਜਪਾ ਘੇਰੀ
ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ ਪਹੁੰਚੇ ‘ਆਪ’ ਕੌਂਸਲਰ, ਹੜਤਾਲੀ ਕਰਮਚਾਰੀਆਂ ਦੀ ਸਾਰ ਨਾ ਲੈਣ ਦੇ ਦੋਸ਼
ਇੱਥੇ ਅੱਜ ਦਿੱਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਨੇ ਡੇਂਗੂ ਬ੍ਰਿਗੇਡ ਵਰਕਰਾਂ (ਡੀ ਬੀ ਸੀ) ਦੀ ਹੜਤਾਲ ਨੂੰ ਨਜ਼ਰਅੰਦਾਜ਼ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਸਦਨ ਵਿੱਚ ਪਹੁੰਚੇ ‘ਆਪ’ ਕੌਂਸਲਰਾਂ ਨੇ ਸੱਤਾਧਾਰੀ ਧਿਰ ’ਤੇ ਹੜਤਾਲੀ ਕਰਮਚਾਰੀਆਂ ਨਾਲ ਗੱਲਬਾਤ ਨਾ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ‘ਵੇਤਨ ਚੋਰ ਕੁਰਸੀ ਛੋੜ’ ਦੇ ਨਾਅਰੇ ਲਾਏ ਅਤੇ ਇਸੇ ਨਾਅਰੇ ਦੀਆਂ ਲਿਖੀਆਂ ਹੋਈਆਂ ਕਾਲੀਆਂ ਤਖ਼ਤੀਆਂ ਵੀ ਨਿਗਮ ਦੇ ਸਦਨ ਵਿੱਚ ਲਹਿਰਾਈਆਂ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਅੰਕੁਸ਼ ਨਾਰੰਗ ਨੇ ਕਿਹਾ ਕਿ 5,000 ਤੋਂ ਵੱਧ ਡੀ ਬੀ ਸੀ ਵਰਕਰ ਪਿਛਲੇ 16 ਦਿਨਾਂ ਤੋਂ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਹਨ, ਪਰ ਭਾਜਪਾ ਸ਼ਾਸਿਤ ਨਿਗਮ ਦਾ ਕੋਈ ਵੀ ਆਗੂ ਉਨ੍ਹਾਂ ਦੀ ਸਾਰ ਲੈਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਨਿਗਮ ਵਿੱਚ ‘ਆਪ’ ਦੀ ਸਰਕਾਰ ਸੀ ਤਾਂ ਇਨ੍ਹਾਂ ਕਰਮਚਾਰੀਆਂ ਨੂੰ ਐੱਮ ਟੀ ਐੱਸ ਦਾ ਦਰਜਾ ਦਿੱਤਾ ਗਿਆ ਸੀ, ਪਰ ਅੱਜ ਵੀ ਉਨ੍ਹਾਂ ਨੂੰ ‘ਬਰਾਬਰ ਕੰਮ ਲਈ ਬਰਾਬਰ ਤਨਖਾਹ’ ਦੇ ਸਿਧਾਂਤ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
‘ਆਪ’ ਕੌਂਸਲਰਾਂ ਨੇ ਮੰਗ ਕੀਤੀ ਕਿ ਸਾਰੇ ਡੀ ਬੀ ਸੀ ਕਰਮਚਾਰੀਆਂ ਨੂੰ ਪੱਕੇ ਕਰਮਚਾਰੀਆਂ ਵਾਂਗ ਤਨਖਾਹ, ਮੈਡੀਕਲ ਸਹੂਲਤਾਂ ਅਤੇ ਤਰਸ ਦੇ ਆਧਾਰ ’ਤੇ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਸਰਕਾਰ ਨੂੰ ਤੁਰੰਤ ਕਰਮਚਾਰੀਆਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਦੀਵਾਲੀ ਮਨਾ ਸਕਣ। ਹੰਗਾਮੇ ਦੇ ਜਵਾਬ ਵਿੱਚ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੋਵਾਂ ਦੇ ਕੌਂਸਲਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।