ਪ੍ਰਦੂਸ਼ਣ ਵਧਣ ’ਤੇ ‘ਆਪ’ ਨੇ ਭਾਜਪਾ ਸਰਕਾਰ ਘੇਰੀ
ਦਿੱਲੀ ’ਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ’ਤੇ ਕਾਬੂ ਪਾਉਣ ਵਿੱਚ ਨਾਕਾਮ ਰਹਿਣ ’ਤੇ ਦਿੱਲੀ ‘ਆਪ’ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਅੱਜ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਸਰਕਾਰ ਵੱਲੋਂ ਕੀਤਾ ਗਿਆ ‘ਨਕਲੀ ਮੀਂਹ ਕਰਵਾਉਣ ਦਾ ਵਾਅਦਾ’ ਪੂਰਾ ਕਿਉਂ ਨਹੀਂ ਕੀਤਾ ਗਿਆ। ਦੀਵਾਲੀ ਤੋਂ ਬਾਅਦ ਨਵੀਂ ਦਿੱਲੀ ਵਿੱਚ ਸੰਘਣੀ ਧੁੰਦ ਦੀ ਚਾਦਰ ਛਾ ਗਈ ਅਤੇ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਚਲੀ ਗਈ ਹੈ। ਸੌਰਭ ਭਾਰਦਵਾਜ ਨੇ ਕਿਹਾ, ‘ਸਰਕਾਰ ਝੂਠ ਬੋਲਦੀ ਹੈ। ਸਰਕਾਰ ਨੇ ਕਿਹਾ ਸੀ ਕਿ ਦੀਵਾਲੀ ਤੋਂ ਬਾਅਦ ਅਸੀਂ ਨਕਲੀ ਮੀਂਹ ਕਰਵਾ ਕੇ ਸਾਰਾ ਪ੍ਰਦੂਸ਼ਣ ਠੀਕ ਕਰ ਦੇਵਾਂਗੇ। ਕੀ ਨਕਲੀ ਮੀਂਹ ਪਿਆ? ਨਹੀਂ, ਮੇਰਾ ਸਵਾਲ ਇਹ ਹੈ ਕਿ ਜੇ ਤੁਸੀਂ ਨਕਲੀ ਮੀਂਹ ਪਵਾ ਸਕਦੇ ਸੀ, ਤਾਂ ਤੁਸੀਂ ਕਿਉਂ ਨਹੀਂ ਕੀਤਾ? ਕੀ ਤੁਸੀਂ (ਸਰਕਾਰ) ਚਾਹੁੰਦੇ ਹੋ ਕਿ ਲੋਕ ਬਿਮਾਰ ਹੋਣ? ਸਰਕਾਰ ਦੀ ਨਿੱਜੀ ਹਸਪਤਾਲਾਂ ਨਾਲ ਮਿਲੀਭੁਗਤ ਹੈ।’ ਇਸ ਤੋਂ ਪਹਿਲਾਂ ਦਿੱਲੀ ਦੇ ਵਸਨੀਕਾਂ ਨੇ ਹਵਾ ਪ੍ਰਦੂਸ਼ਣ ਵਧਣ ਤੋਂ ਬਾਅਦ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਕੀਤੀ ਸੀ। ਰਾਸ਼ਟਰੀ ਰਾਜਧਾਨੀ ਦੇ ਇੱਕ ਨਿਵਾਸੀ, ਸਾਗਰ ਨੇ ਕਿਹਾ, ‘ਹਰ ਕੋਈ ਸਿਆਸਤਦਾਨਾਂ ਨੂੰ ਦੋਸ਼ੀ ਠਹਿਰਾਉਂਦਾ ਹੈ, ਪਰ ਲੋਕ ਖੁਦ ਵੀ ਜ਼ਿੰਮੇਵਾਰ ਹਨ। ਤੁਹਾਨੂੰ ਪਟਾਕੇ ਮਿਲਣਗੇ, ਪਰ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਚਲਾਉਂਦੇ ਹੋ ਜਾਂ ਨਹੀਂ। ਫਿਰ ਉਹ ਸ਼ਿਕਾਇਤ ਕਰਨਗੇ ਕਿ ਸਰਕਾਰ ਕੁਝ ਨਹੀਂ ਕਰ ਰਹੀ।’ ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਨਾਲ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਨਾਲ ਹੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਾ ਦੂਜਾ ਪੜਾਅ ਵੀ ਲਾਗੂ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਿੱਲੀ ਅਤੇ ਐੱਨ.ਸੀ.ਆਰ. ਲਈ ਹਰ ਸਾਲ ਸਰਦੀਆਂ ਦੀ ਸ਼ੁਰੂਆਤ ਪ੍ਰਦੂਸ਼ਣ ਦਾ ਗੰਭੀਰ ਸੰਕਟ ਲੈ ਕੇ ਆਉਂਦੀ ਹੈ। ਇਸ ਮੌਸਮ ਵਿੱਚ ਤਾਪਮਾਨ ਵਿੱਚ ਗਿਰਾਵਟ ਅਤੇ ਹਵਾ ਦੀ ਗਤੀ ਘੱਟ ਹੋਣ ਕਾਰਨ ਪ੍ਰਦੂਸ਼ਕ ਤੱਤ ਧਰਤੀ ਦੇ ਵਾਯੂਮੰਡਲ ਦੀ ਹੇਠਲੀ ਪਰਤ ਵਿੱਚ ਹੀ ਫਸ ਜਾਂਦੇ ਹਨ।
ਦਿੱਲੀ ’ਚ ਪ੍ਰਦੂਸ਼ਣ ਲਈ ‘ਆਪ’ ਦਾ ਕਾਰਜਕਾਲ ਜ਼ਿੰਮੇਵਾਰ: ਸਚਦੇਵਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਦਿੱਲੀ ਵਿੱਚ ਵਧੇ ਪ੍ਰਦੂਸ਼ਣ ਲਈ ਪਿਛਲੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਆਪਣੇ ਕਾਰਜਕਾਲ ਦੌਰਾਨ ਪ੍ਰਦੂਸ਼ਣ ਘਟਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ।
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕੱਲ੍ਹ ਰਾਤ ਦਿੱਲੀ ਵਿੱਚ ਪਟਾਕੇ ਚਲਾਏ ਗਏ, ਪਰ ਇਸ ਦਾ ਹਵਾ ਪ੍ਰਦੂਸ਼ਣ ਦੀ ਸਥਿਤੀ ’ਤੇ ਕੋਈ ਖਾਸ ਮਾੜਾ ਪ੍ਰਭਾਵ ਨਹੀਂ ਪਿਆ ਹੈ। ਸਚਦੇਵਾ ਨੇ ‘ਆਪ’ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੌਰਭ ਭਾਰਦਵਾਜ ਵਰਗੇ ਆਗੂ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਕਰਨ ਅਤੇ ਮੁਸਲਿਮ ਭਾਈਚਾਰੇ ਨੂੰ ਖੁਸ਼ ਕਰਨ ਲਈ ਮਜਬੂਰ ਹਨ, ਅਤੇ ਇਸੇ ਕਾਰਨ ਉਹ ਕਿਸੇ ਨਾ ਕਿਸੇ ਮੁੱਦੇ ’ਤੇ ਜਨਤਾ ਵਿੱਚ ਭੰਬਲਭੂਸਾ ਫੈਲਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ‘ਆਪ’ ਆਗੂ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ’ਤੇ ਚਿੰਤਾ ਜ਼ਾਹਰ ਕਰ ਰਹੇ ਹਨ ਅਤੇ ਇਨ੍ਹਾਂ ’ਤੇ ਦੁਬਾਰਾ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ, ਜੋ ਕਿ ਸਿਰਫ਼ ਸਿਆਸੀ ਡਰਾਮਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਧੇ ਪ੍ਰਦੂਸ਼ਣ ਲਈ ਪੰਜਾਬ ਵਿੱਚ ਸਾੜੀ ਜਾ ਰਹੀ ਪਰਾਲੀ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਸਖ਼ਤ ਉਪਾਵਾਂ ਨਾਲ ਅਗਲੇ ਢਾਈ ਸਾਲਾਂ ਵਿੱਚ ਰਾਜਧਾਨੀ ਮੁੜ ਸਾਹ ਲੈਣ ਯੋਗ ਹੋ ਜਾਵੇਗੀ। ਉਨ੍ਹਾਂ ਕਿਹਾ, ‘ਇਸ ਸਾਲ ਹਰੇ ਪਟਾਕਿਆਂ ਨਾਲ ਦੀਵਾਲੀ ਮਨਾਉਣ ਦੇ ਬਾਵਜੂਦ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਪਿਛਲੇ ਸਾਲਾਂ ਦੇ ਸਤੰਬਰ ਮਹੀਨੇ ਨਾਲੋਂ ਬਿਹਤਰ ਹੈ।’ ਤਿਵਾੜੀ ਨੇ ਪ੍ਰਦੂਸ਼ਣ ਲਈ ‘ਆਪ’ ਦੇ 11 ਸਾਲਾਂ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ, ‘ਜਿਨ੍ਹਾਂ ਨੇ ਦਿੱਲੀ ਨੂੰ ਪ੍ਰਦੂਸ਼ਿਤ ਕੀਤਾ, ਉਹੀ ਅਜਿਹੇ ਬਿਆਨ ਦੇ ਰਹੇ ਹਨ, ਜਿਸ ’ਤੇ ਮੈਨੂੰ ਹਾਸਾ ਆਉਂਦਾ ਹੈ।’ ਇਸੇ ਦੌਰਾਨ ਦਿੱਲੀ ਦੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਨੇ ਅੱਜ ਇੱਥੇ ਕਿਹਾ ਕਿ ਦੀਵਾਲੀ ਮੌਕੇ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਨੇ ‘ਗੈਰ-ਜ਼ਿੰਮੇਵਾਰਾਨਾ’ ਰਵੱਈਆ ਦਿਖਾਇਆ ਹੈ। ਹਾਲਾਂਕਿ ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਵਧਣ ਦਾ ਇੱਕੋ-ਇੱਕ ਕਾਰਨ ਸਿਰਫ਼ ਪਟਾਕੇ ਚਲਾਉਣਾ ਨਹੀਂ ਹੈ। ਸੂਦ ਨੇ ਕਿਹਾ, ‘ਦਿੱਲੀ ਦੇ ਲੋਕਾਂ ਨੂੰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਸੀ, ਜਿਸ ਤਹਿਤ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਸੀ। ਰਾਤ 10 ਵਜੇ ਦੀ ਸਮਾਂ-ਸੀਮਾ ਨੂੰ ਤੋੜ ਕੇ ਤਿਉਹਾਰ ਮਨਾਉਣ ਵਾਲਿਆਂ ਦਾ ਇਹ ਇੱਕ ਗੈਰ-ਜ਼ਿੰਮੇਵਾਰਾਨਾ ਰਵੱਈਆ ਸੀ।’ -ਏਐੱਨਆਈ