ਰੱਖੜੀ ਮੌਕੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ
ਅੱਜ ਰੱਖੜੀ ਮੌਕੇ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਦੇ ਕਾਰਕੁਨਾਂ ਨੇ ਦਿੱਲੀ ਵਿੱਚ ਆਮ ਲੋਕਾਂ ਨੂੰ ਰੱਖੜੀਆਂ ਬੰਨ੍ਹੀਆਂ। ਇਸ ਤਹਿਤ ਉਨ੍ਹਾਂ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ।
ਇਸ ਮੌਕੇ ਪੁਰਾਣੀ ਦਿੱਲੀ ਦੇ ਜਾਮਾ ਮਸਜਿਦ ਖੇਤਰ ਵਿੱਚ ਲੋਕਾਂ ਨੂੰ ਰੱਖੜੀਆਂ ਬੰਨ੍ਹੀਆਂ ਗਈਆਂ। ‘ਕੇਵਾਈਐੱਸ’ ਦਾ ਮੰਨਣਾ ਹੈ ਕਿ ਦੇਸ਼ ਵਿੱਚ ਘਟ ਰਹੀ ਸਾਂਝੀਵਾਲਤਾ ਦੀ ਭਾਵਨਾ ਦੇਸ਼ ਭਰ ਵਿੱਚ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਹਿੰਸਾ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਸਰਕਾਰ ਪੱਖੀ ਸੰਪਰਦਾਇਕ ਸੰਸਥਾਵਾਂ ਨੂੰ ਮੌਜੂਦਾ ਸਰਕਾਰ ਵੱਲੋਂ ਖੁੱਲ੍ਹ ਕੇ ਸਮਰਥਨ ਮਿਲ ਰਿਹਾ ਹੈ। ਅਜਿਹੀ ਹਿੰਸਾ ਨੂੰ ਖਤਮ ਕਰਨ ਦੀ ਬਜਾਏ, ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।
ਦਿੱਲੀ ਸਟੇਟ ਕਮੇਟੀ ਦੇ ਮੈਂਬਰ ਭੀਮ ਕੁਮਾਰ ਨੇ ਕਿਹਾ ਕਿ ਇਸ ਸਮੇਂ ਜਦੋਂ ਦੇਸ਼ ਇੱਕ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਮਜ਼ਦੂਰ ਵਰਗ ਦੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਇਸ ਮੌਕੇ ਰੱਖੜੀ ਬੰਨ੍ਹਣ ਗਈਆਂ ਵਿਦਿਆਰਥਣਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਰਾਸ਼ਟਰੀ ਏਕਤਾ, ਸ਼ਾਂਤੀ ਅਤੇ ਆਪਸੀ ਵਿਸ਼ਵਾਸ ਪੈਦਾ ਕਰਨ ਦੀ ਗੱਲ ਕੀਤੀ।
ਵਿਦਿਆਰਥਣਾਂ ਨੇ ਐੱਸਪੀ ਦੇ ਰੱਖੜੀਆਂ ਬੰਨ੍ਹੀਆਂ
ਜੀਂਦ (ਪੱਤਰ ਪ੍ਰੇਰਕ): ਅੱਜ ਇਥੇ ਐੱਸਪੀ ਕੁਲਦੀਪ ਸਿੰਘ ਦੀ ਬਾਂਹ ਉੱਤੇ ਬ੍ਰਹਮਕੁਮਾਰੀ ਆਸ਼ਰਮ ਤੋਂ ਆਈਆਂ ਭੈਣਾਂ ਨੀਲਮ, ਮੀਨਾ ਤੇ ਰਵਿੰਦਰ ਭਾਈ ਅਤੇ ਜਾਈਟ ਕਾਨਵੈਂਟ ਸਕੂਲ ਤੋਂ ਆਈਆਂ ਬੱਚੀਆਂ ਨੇ ਰੱਖੜੀਆਂ ਬੰਨ੍ਹੀਆਂ। ਇਸ ਮੌਕੇ ਐਡਮਨਿਸਟ੍ਰੇਟਰ ਅਰਵਿੰਦ ਖੁਰਾਣਾ ਅਤੇ ਪ੍ਰਿੰਸੀਪਲ ਜੋਤੀ ਦੇਸਵਾਲ ਵੀ ਹਾਜ਼ਰ ਸਨ। ਬ੍ਰਹਮਕੁਮਾਰੀ ਭੈਣਾਂ ਵੱਲੋਂ ਰੱਖਿਆ ਸੂਤਰ ਵਿੱਚ ਬੰਨ੍ਹਦੇ ਹੋਏ ਐੱਸਪੀ ਨੂੰ ਆਤਮਿਕ ਸੁਰੱਖਿਆ, ਅਧਿਆਤਮਿਕ ਊਰਜਾ ਅਤੇ ਸੇਵਾ ਭਾਵ ਦਾ ਸੰਦੇਸ਼ ਦਿੱਤਾ। ਉੱਧਰ ਬੱਚਿਆਂ ਨੇ ਰੱਖੜੀ ਬੰਨ੍ਹਦੇ ਹੋਏ ਸੁਰੱਖਿਆ ਬਲਾਂ ਦੇ ਪ੍ਰਤੀ ਆਪਣਾ ਸਨਮਾਣ ਅਤੇ ਵਿਸ਼ਵਾਸ ਪ੍ਰਗਟ ਕੀਤਾ। ਇਸ ਮੌਕੇ ਐੱਸਪੀ ਕੁਲਦੀਪ ਸਿੰਘ ਨੇ ਸਾਰਿਆਂ ਨੂੰ ਰੱਖੜੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਨਾ ਕੇਵਲ ਭੈਣ-ਭਰਾ ਦੇ ਸਨੇਹ ਦਾ ਪ੍ਰਤੀਕ ਹੈ, ਸਗੋਂ ਸਮਾਜ ਵਿੱਚ ਸੁਰੱਖਿਆ, ਵਿਸ਼ਵਾਸ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਉਨ੍ਹਾਂ ਬੱਚਿਆਂ ਅਤੇ ਬ੍ਰਹਮਕੁਮਾਰੀ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਕਾਰ ਦੇ ਸਮਾਗਮਾਂ ਤੋਂ ਸਮਾਜ ਵਿੱਚ ਸਕਾਰਆਤਮਕ ਊਰਜਾ ਦਾ ਸੰਚਾਰ ਹੁੰਦਾ ਹੈ।