ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸਾਂਝੀਵਾਲਤਾ ਦਾ ਸੁਨੇਹਾ
ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਸਰਵ ਸਾਂਝਾ ਸੱਭਿਆਚਾਰ ਮੰਚ ਨੇ ਨਵੀਂ ਦਿੱਲੀ ਦੇ ਸੰਗਤ ਭਵਨ ਵਿੱਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਈਚਾਰਕ ਏਕਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਹਰਭਜਨ ਸਿੰਘ ਦਿਓਲ ਨੇ ਸਮੂਹ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਪਰੰਪਰਾਵਾਂ ਅਤੇ ਸਿੱਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਹੀ ਅਸੀਂ ਅੱਜ ਦੇ ਯੁੱਗ ਵਿੱਚ ਸਵੈ-ਮਾਣ ਅਤੇ ਡਰ-ਮੁਕਤ ਜੀਵਨ ਜੀਅ ਸਕਦੇ ਹਾਂ। ਉਨ੍ਹਾਂ ਬੰਦੀ ਛੋੜ ਦਿਵਸ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਤੇਜ ਅਤੇ ਪ੍ਰਭਾਵ ਤੋਂ ਪ੍ਰਭਾਵਿਤ ਹੋ ਕੇ ਹੀ ਮੁਗਲ ਬਾਦਸ਼ਾਹ ਜਹਾਂਗੀਰ ਨੇ ਉਨ੍ਹਾਂ ਦੇ ਨਾਲ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਨ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਕਿਹਾ, ‘ਸਾਡਾ ਮਕਸਦ ਨੌਜਵਾਨ ਪੀੜ੍ਹੀ ਨੂੰ ਇਹ ਦੱਸਣਾ ਹੈ ਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੋਵੇਂ ਹੀ ਸਾਨੂੰ ਜ਼ੁਲਮ ਅਤੇ ਹਨੇਰੇ ਖ਼ਿਲਾਫ਼ ਲੜਨ ਦੀ ਪ੍ਰੇਰਨਾ ਦਿੰਦੇ ਹਨ। ਭਾਵੇਂ ਉਹ ਛੇਵੇਂ ਪਾਤਸ਼ਾਹ ਹੋਣ ਜਾਂ ਭਗਵਾਨ ਰਾਮ, ਦੋਵਾਂ ਨੇ ਸਾਨੂੰ ਸੱਚ ਅਤੇ ਧਰਮ ਦੇ ਮਾਰਗ ’ਤੇ ਚੱਲਣਾ ਸਿਖਾਇਆ ਹੈ।’
ਦਿੱਲੀ ਦੇ ਸਾਬਕਾ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਓਮ ਸਪਰਾ ਨੇ ਦੀਵਾਲੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਮਹਾਨ ਤਿਉਹਾਰ ਭਾਰਤ ਦੇ ਲੋਕਾਂ ਨੂੰ ਬੁਰਾਈ ਤੋਂ ਚੰਗਿਆਈ ਵੱਲ ਜਾਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਦੀਵੇ ਜਗਾਉਣ ਦੀ ਪਰੰਪਰਾ ਵਾਤਾਵਰਣ ਨੂੰ ਸ਼ੁੱਧ ਅਤੇ ਪਵਿੱਤਰ ਕਰਨ ਦਾ ਪ੍ਰਤੀਕ ਹੈ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਦੇ ਮੰਦਰ ਦੇ ਨਿਰਮਾਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ।
ਰਾਜ ਮੰਤਰੀ ਰਾਜੇਂਦਰ ਕੁਮਾਰ ਨੇ ਕਿਹਾ ਕਿ ਸਮਾਜਿਕ ਸਦਭਾਵਨਾ ਦਾ ਜੋ ਰੂਪ ਉਹ ਇਸ ਸਮਾਗਮ ਵਿੱਚ ਦੇਖ ਰਹੇ ਹਨ, ਉਸ ਨੂੰ ਪੂਰੇ ਦੇਸ਼, ਖਾਸ ਕਰਕੇ ਪੰਜਾਬ ਵਿੱਚ ਪ੍ਰਚਾਰਿਤ ਕਰਨ ਦੀ ਲੋੜ ਹੈ। ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਇਸ ਵਿੱਚ ਦਿੱਲੀ ਵਿੱਚ ਰਹਿ ਰਹੇ ਅਸਾਮ, ਸ਼ਿਲਾਂਗ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ, ਮਨੀਪੁਰ ਅਤੇ ਮੇਘਾਲਿਆ ਦੇ ਪ੍ਰਮੁੱਖ ਨੁਮਾਇੰਦੇ ਵੀ ਮੌਜੂਦ ਸਨ, ਜਿਸ ਨਾਲ ਸਮਾਗਮ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਇੱਕ ਸੁੰਦਰ ਮਿਸਾਲ ਬਣ ਗਿਆ।