ਦਿੱਲੀ ਵਿਚ ਦਵਾਰਕਾ ਨੇੜੇ ਮੁਕਾਬਲੇ ’ਚ ਭਾਊ ਗਰੋਹ ਦਾ ਮੈਂਬਰ ਕਾਬੂ
ਪੁਲੀਸ ਕਾਂਸਟੇਬਲ ਨੂੰ ਜ਼ਖ਼ਮੀ ਕਰਨ ਦੇ ਦੋਸ਼ ’ਚ ਲੋੜੀਂਦਾ ਸੀ ਮੁਲਜ਼ਮ
ਪੁਲੀਸ ਨੇ ਅੱਜ ਵੱਡੇ ਤੜਕੇ ਦਵਾਰਕਾ ਵਿਚ ਹੋਏ ਮੁਕਾਬਲੇ ਦੌਰਾਨ ਹਿਮਾਂਸ਼ੂ ਭਾਊ ਗਰੋਹ ਦੇ ਇੱਕ ਲੋੜੀਂਦੇ ਮੈਂਬਰ, ਜਿਸ ਦੇ ਸਿਰ ’ਤੇ 25,000 ਰੁਪਏ ਦਾ ਇਨਾਮ ਸੀ, ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅੰਕਿਤ (25), ਜੋ ਹਰਿਆਣਾ ਦੇ ਸੋਨੀਪਤ ਦੇ ਗੋਰਾਡ ਪਿੰਡ ਦਾ ਰਹਿਣ ਵਾਲਾ ਹੈ, ਨਜਫਗੜ੍ਹ ਵਿੱਚ ਗੋਲੀਬਾਰੀ ਦੀ ਘਟਨਾ ਅਤੇ 2020 ਵਿੱਚ ਬਹਾਦਰਗੜ੍ਹ ਵਿੱਚ ਸੀਆਈਏ ਟੀਮ ’ਤੇ ਗੋਲੀਬਾਰੀ ਦੌਰਾਨ ਪੁਲੀਸ ਕਾਂਸਟੇਬਲ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ ਲੋੜੀਂਦਾ ਸੀ।
ਪੁਲੀਸ ਨੇ ਦੱਸਿਆ ਕਿ 18 ਸਤੰਬਰ ਨੂੰ ਨਜਫਗੜ੍ਹ ਵਿੱਚ ਚਾਰ ਹਮਲਾਵਰਾਂ ਨੇ ਰੋਹਿਤ ਲਾਂਬਾ ਨਾਮ ਦੇ ਇੱਕ ਵਿਅਕਤੀ ’ਤੇ ਗੋਲੀਬਾਰੀ ਕੀਤੀ। ਜਾਂਚ ਦੌਰਾਨ ਇਸ ਵਿਚ ਭਾਊ ਗਰੋਹ ਦੀ ਸ਼ਮੂਲੀਅਤ ਦਾ ਪਤਾ ਲੱਗਾ। ਇੱਕ ਅਧਿਕਾਰੀ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਦੋ ਮੁੱਖ ਨਿਸ਼ਾਨੇਬਾਜ਼ ਅੰਕਿਤ ਅਤੇ ਦੀਪਕ ਫਰਾਰ ਸਨ।
ਗ੍ਰਿਫ਼ਤਾਰ ਕੀਤੇ ਗਏ ਮਸ਼ਕੂਕਾਂ ਤੋਂ ਪੁੱਛਗਿੱਛ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਅੰਕਿਤ ਅਤੇ ਦੀਪਕ ਨੂੰ ਫਰਾਰ ਸ਼ੂਟਰਾਂ ਵਜੋਂ ਪਛਾਣਿਆ। ਵੀਰਵਾਰ ਸਵੇਰੇ, ਦਵਾਰਕਾ ਦੇ ਐਂਟੀ-ਨਾਰਕੋਟਿਕਸ ਸੈੱਲ ਨੂੰ ਸੂਚਨਾ ਮਿਲੀ ਕਿ ਅੰਕਿਤ ਨਜਫਗੜ੍ਹ ਦੇ ਸਾਈਂ ਬਾਬਾ ਮੰਦਰ ਨੇੜੇ ਹੋਵੇਗਾ। ਯੂਈਆਰ-II ਬੱਸ ਸਟੈਂਡ ਨੇੜੇ ਇੱਕ ਜਾਲ ਵਿਛਾਇਆ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸਵੇਰੇ 8:05 ਵਜੇ ਦੇ ਕਰੀਬ, ਜਦੋਂ ਅੰਕਿਤ ਮੋਟਰਸਾਈਕਲ ’ਤੇ ਪਹੁੰਚਿਆ, ਤਾਂ ਪੁਲੀਸ ਟੀਮ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਇਸ ਦੀ ਬਜਾਏ ਅੰਕਿਤ ਨੇ ਪੁਲੀਸ ’ਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਹੈੱਡ ਕਾਂਸਟੇਬਲ ਕੁਲਦੀਪ ਦੀ ਬੁਲੇਟਪਰੂਫ ਜੈਕੇਟ ’ਤੇ ਲੱਗੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਵੈ-ਰੱਖਿਆ ਵਿੱਚ ਹੈੱਡ ਕਾਂਸਟੇਬਲ ਕੁਲਦੀਪ ਨੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਇੱਕ ਅੰਕਿਤ ਦੀ ਸੱਜੀ ਲੱਤ ਵਿੱਚ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ

