ਧਰਮ ਰੱਖਿਅਕ ਯਾਤਰਾ ਦੌਰਾਨ ਵੱਡੀ ਗਿਣਤੀ ਸੰਗਤ ਨਤਮਸਤਕ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਧਰਮ ਰੱਖਿਅਕ ਯਾਤਰਾ’ ਦੌਰਾਨ ਅੱਜ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਇਸ ਦੌਰਾਨ ਵੱਖ-ਵੱਖ ਪੜਾਵਾਂ ’ਤੇ...
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਧਰਮ ਰੱਖਿਅਕ ਯਾਤਰਾ’ ਦੌਰਾਨ ਅੱਜ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਇਸ ਦੌਰਾਨ ਵੱਖ-ਵੱਖ ਪੜਾਵਾਂ ’ਤੇ ਸੰਗਤ ਨੇ ਫੁੱਲਾਂ ਦੀ ਵਰਖਾ ਕਰ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਹ ਯਾਤਰਾ ਮੇਨ ਵਿਸ਼ਨੂ ਗਾਰਡਨ, ਮੰਗਲ ਬਾਜ਼ਾਰ ਅਤੇ ਸ਼ਾਮ ਨਗਰ ਪਹੁੰਚੀ। ਇੱਥੋਂ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਇਹ ਯਾਤਰਾ ਗੁਰੂ ਹਰਿਕ੍ਰਿਸ਼ਨ ਨਗਰ ਤੋਂ ਆਰੰਭ ਹੋ ਕੇ ਬਹਿਰਾ ਐਨਕਲੇਵ, ਜਵਾਲਾਹੇੜੀ, ਪੰਜਾਬੀ ਬਾਗ਼ ਕਲੱਬ ਰੋਡ, ਜਨਰਲ ਸਟੋਰ, ਬਰਤਾਨੀਆ ਚੌਕ ਤੋਂ ਰਾਣੀ ਬਾਗ, ਗੁਰਦੁਆਰਾ ਭਾਈ ਲਾਲੋ ਜੀ, ਕੋਹਾਟ ਐਨਕਲੇਵ, ਆਸ਼ਿਆਨਾ ਚੌਕ ਤੋਂ ਮਧੂਬਨ ਚੌਕ, ਸਾਈਂ ਬਾਬਾ ਚੌਕ ਤੋਂ ਫਾਰਮਰ ਸੁਸਾਇਟੀ, ਨੀਲ ਕੰਠ ਚੌਕ ਤੋਂ ਆਊਟਰ ਰਿੰਗ ਰੋਡ, ਇਨਕਮ ਟੈਕਸ ਕਲੋਨੀ ਪ੍ਰੀਤਮਪੁਰਾ, ਡਿਸਟ੍ਰਿਕ ਪਾਰਕ ਪ੍ਰੀਤਮਪੁਰਾ, ਸਿਟੀ ਪਾਰਕ ਹੋਟਲ, ਗੋਪਾਲਮੰਦਰ, ਮੁਨੀ ਮਾਇਆ ਰਾਮ ਮਾਰਗ, ਪ੍ਰੇਮ ਬਾੜੀ, ਕੇਸ਼ਵਪੁਰਮ, ਤ੍ਰੀ ਨਗਰ ਰੋਡ, ਇੰਦਰਲੋਕ, ਸ਼ਾਸਤਰੀ ਨਗਰ, ਗੁਲਾਬੀ ਬਾਗ਼ ਤੋਂ ਅਸ਼ੋਕ ਵਿਹਾਰ, ਸਤਿਆਵਤੀ ਕਾਲਜ, ਜੀ ਟੀ ਕਰਨਾਲ ਰੋਡ ਤੋਂ ਸੱਜ ਡੇਰਾਵਾਲ ਨਗਰ ਤੋਂ ਹੁੰਦੀ ਹੋਈ ਗੁਰਦੁਆਰਾ ਨਾਨਕ ਪਿਆਊ ਸਾਹਿਬ ਪਹੁੰਚੀ। ਇਨ੍ਹਾਂ ਸਥਾਨਾਂ ’ਤੇ ਸਥਾਨਕ ਸੰਗਤ ਨੇ ਯਾਤਰਾ ਦਾ ਸਵਾਗਤ ਕੀਤਾ। ਸ਼ਰਧਾਲੂਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦਿਆਂ ਸ਼ਰਧਾ ਪ੍ਰਗਟਾਈ ਅਤੇ ਗੁਰੂ ਘਰ ਨਾਲ ਆਪਣੀ ਰੂਹਾਨੀ ਨਿਸ਼ਠਾ ਨੂੰ ਮਜ਼ਬੂਤ ਕੀਤਾ।
ਸੰਗਤ ਲਈ ਪਾਲਕੀ ਸਾਹਿਬ ਦੀ ਲਾਈਵ ਲੋਕੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਇਸ ਨੂੰ www.dsgmc.in ਰਾਹੀਂ ਰੀਅਲ ਟਾਈਮ ਵਿੱਚ ਦੇਖਿਆ ਜਾ ਸਕਦਾ ਹੈ। ਇਹ ਸੁਵਿਧਾ ਸੰਗਤ ਨੂੰ ਯਾਤਰਾ ਨਾਲ ਲਗਾਤਾਰ ਜੁੜੇ ਰਹਿਣ ਅਤੇ ਪਾਲਕੀ ਸਾਹਿਬ ਦੇ ਦਰਸ਼ਨ ਦੀ ਬਰਕਤ ਹਾਸਲ ਕਰਨ ਵਿੱਚ ਅਹਿਮ ਸਹਾਇਤਾ ਦੇਵੇਗੀ।
‘ਸ਼ਹੀਦੀ ਯਾਤਰਾ’ ਦਾ ਰਤੀਆ ਵਿੱਚ ਨਿੱਘਾ ਸਵਾਗਤ
ਰਤੀਆ (ਕੁਲਭੂਸ਼ਨ ਕੁਮਾਰ ਬਾਂਸਲ): ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ‘ਸ਼ਹੀਦੀ ਯਾਤਰਾ’ ਦਾ ਰਤੀਆ ਸਬ-ਡਿਵੀਜ਼ਨ ਦੇ ਵੱਖ-ਵੱਖ ਸਥਾਨਾਂ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸ਼ਰਧਾਲੂ ਇਕੱਠੇ ਹੋਏ ਅਤੇ ਨਗਰ ਕੀਰਤਨ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਯਾਤਰਾ ਕੋਆਰਡੀਨੇਟਰ ਡਾ. ਰਵਿੰਦਰ ਸਿੰਘ ਬਲਿਆਲਾ, ਰਤੀਆ ਦੇ ਐੱਸ ਡੀ ਐੱਮ ਸੁਰੇਂਦਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ, ਸੁਰਜੀਤ ਸਿੰਘ, ਬੰਟੀ ਮਹਿਤਾ, ਗੁਰਚਰਨ ਸਿੰਘ ਖੋਖਰ, ਕਾਕਾ ਸਿੰਘ, ਡਾ. ਪੂਰਨ ਸਿੰਘ, ਗੁਰਮੇਲ ਸਿੰਘ, ਇਕਬਾਲ ਸਿੰਘ, ਧਾਰਮਿਕ ਅਤੇ ਸਮਾਜਿਕ ਸੰਗਠਨ, ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਸ਼ਰਧਾਲੂ ਮੌਜੂਦ ਸਨ। ਰਤੀਆ ਸਬ-ਡਿਵੀਜ਼ਨ ਵਿੱਚ ਇਸ ਪਵਿੱਤਰ ਯਾਤਰਾ ਦਾ ਸਵਾਗਤ ਕਰਦੇ ਹੋਏ ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਯਾਤਰਾ ਕੋਆਰਡੀਨੇਟਰ ਡਾ. ਰਵਿੰਦਰ ਸਿੰਘ ਬਲਿਆਲਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਮਨੁੱਖਤਾ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ। ਨਗਰ ਕੀਰਤਨ ਦੌਰਾਨ ਗਤਕਾ ਪਾਰਟੀ ਨੇ ਜੌਹਰ ਦਿਖਾਏ। ਪਿੰਡ ਨਥਵਾਨ ਦੇ ਗੁਰਦੁਆਰਾ ਅੰਗੀਠਾ ਸਾਹਿਬ ਵਿੱਚ ਰਾਤ ਦੇ ਠਹਿਰਾਅ ਦੇ ਪ੍ਰਬੰਧ ਕੀਤੇ ਗਏ ਹਨ।

