ਦੀਵਾਲੀ ਮੌਕੇ ਫਰੀਦਾਬਾਦ ਨੇ ਇੱਕ ਵਿਲੱਖਣ ਪ੍ਰਾਪਤੀ ਨਾਲ ਦੁਨੀਆ ਭਰ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ। ਇੱਥੇ ਸਕਰੈਪ (ਕਬਾੜ) ਰਾਹੀਂ ਦੁਨੀਆ ਦਾ ਸਭ ਤੋਂ ਵੱਡਾ 15 ਫੁੱਟ ਉੱਚਾ ਦੀਵਾ ਬਣਾਇਆ ਗਿਆ, ਜਿਸ ਨੂੰ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਰੌਸ਼ਨ ਕੀਤਾ। ਇਸ ਪ੍ਰਾਪਤੀ ਨੂੰ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ’ ਵਿੱਚ ਦਰਜ ਕਰ ਲਿਆ ਗਿਆ ਹੈ। ਇਹ ਵਿਸ਼ਾਲ ਦੀਵਾ ਸੈਕਟਰ-17 ਦੇ ਲੇਬਰ ਚੌਕ ਵਿੱਚ ਸਥਾਪਿਤ ਕੀਤਾ ਗਿਆ। ਇਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਗਿਣਤੀ ਵਿੱਚ ਔਰਤਾਂ, ਨੌਜਵਾਨ ਅਤੇ ਵੱਖ-ਵੱਖ ਸੰਗਠਨਾਂ ਦੇ ਮੈਂਬਰ ਇਕੱਠੇ ਹੋਏ। ‘ਦੀਵਾ ਜਗਾਓ, ਉਮੀਦ ਫੈਲਾਓ’ ਦੇ ਨਾਅਰੇ ਨੇ ਪੂਰੇ ਮਾਹੌਲ ਨੂੰ ਤਿਉਹਾਰੀ ਅਤੇ ਉਤਸ਼ਾਹ ਨਾਲ ਭਰ ਦਿੱਤਾ। ਪੁਰਾਣੇ ਘਿਓ ਅਤੇ ਤੇਲ ਦੇ ਟੀਨਾਂ ਤੋਂ ਬਣਿਆ ਇਹ ਦੀਵਾ ਨਾ ਸਿਰਫ਼ ਪਰੰਪਰਾ ਦਾ ਪ੍ਰਤੀਕ ਬਣਿਆ, ਸਗੋਂ ਵਾਤਾਵਰਨ ਸੁਰੱਖਿਆ ਅਤੇ ਰਹਿੰਦ-ਖੂੰਹਦ ਦੀ ਸਹੀ ਵਰਤੋਂ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦੇ ਗਿਆ। ਇਸ ਮੌਕੇ ਭਾਜਪਾ ਦੇ ਕੌਮੀ ਬੁਲਾਰੇ ਰਾਜੀਵ ਜੇਤਲੀ ਨੇ ਕਿਹਾ ਕਿ ਦੀਵਾਲੀ ਹਨੇਰੇ ’ਤੇ ਰੌਸ਼ਨੀ, ਝੂਠ ’ਤੇ ਸੱਚ ਅਤੇ ਨਿਰਾਸ਼ਾ ’ਤੇ ਉਮੀਦ ਦੀ ਜਿੱਤ ਦਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਾਲ ਦੀਵਾ ਫਰੀਦਾਬਾਦ ਦੇ ਉਸ ਸੰਕਲਪ ਦਾ ਪ੍ਰਤੀਕ ਹੈ, ਜਿਸ ਤਹਿਤ ਸ਼ਹਿਰ ਹਰਿਆਣਾ ਅਤੇ ਦੇਸ਼ ਵਿੱਚ ਉੱਤਮਤਾ ਦਾ ਪ੍ਰਤੀਕ ਬਣਨ ਵੱਲ ਵੱਧ ਰਿਹਾ ਹੈ।
ਕੌਂਸਲਰ ਜਸਵੰਤ ਸਿੰਘ ਨਾਗਰਾ ਨੇ ਇਸ ਦੀਵੇ ਨੂੰ ‘ਆਸ਼ਾ ਦੀਪ’ (ਉਮੀਦ ਦਾ ਦੀਵਾ) ਦਾ ਨਾਮ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਸਾਰੇ ਮਿਹਨਤੀ ਹੱਥਾਂ ਦਾ ਸਨਮਾਨ ਹੈ, ਜੋ ਫਰੀਦਾਬਾਦ ਨੂੰ ਸੁੰਦਰ ਅਤੇ ਆਧੁਨਿਕ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।