ਜੇ ਐੱਨ ਯੂ ਵਿਦਿਆਰਥੀ ਯੂਨੀਅਨ ਲਈ 67 ਫੀਸਦ ਵੋਟਾਂ ਪਈਆਂ
ਨਤੀਜਾ ਭਲਕੇ; ਮੁੱਖ ਮੁਕਾਬਲਾ ਖੱਬੀ ਧਿਰ ਤੇ ਏ ਬੀ ਵੀ ਪੀ ਵਿਚਾਲੇ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਐਸੋਸੀਏਸ਼ਨ (ਜੇ ਐੱਨ ਯੂ ਐੱਸ ਯੂ) ਦੀਆਂ ਚੋਣਾਂ ਲਈ ਅੱਜ ਵੋਟਿੰਗ ਦਾ ਅਮਲ ਸ਼ਾਂਤੀਪੂਰਨ ਨੇਪਰੇ ਚੜ੍ਹ ਗਿਆ। ਇਸ ਦੌਰਾਨ 67 ਫੀਸਦ ਵੋਟਾਂ ਪਈਆਂ, ਜੋ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਫੀਸਦ ਘੱਟ ਹਨ। ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਸ਼ਾਮ 5:30 ਵਜੇ ਤੱਕ ਚੱਲਣੀ ਸੀ, ਪਰ ਦੇਰ ਸ਼ਾਮ ਤੱਕ ਕਤਾਰਾਂ ਵਿੱਚ ਖੜ੍ਹੇ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਨਤੀਜੇ 6 ਨਵੰਬਰ ਨੂੰ ਐਲਾਨੇ ਜਾਣਗੇ। ਚਾਰ ਮੁੱਖ ਕੇਂਦਰੀ ਪੈਨਲ ਦੇ ਅਹੁਦਿਆਂ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਲਈ ਕੁੱਲ 20 ਉਮੀਦਵਾਰ ਮੈਦਾਨ ਵਿੱਚ ਹਨ। ਇਸ ਸਾਲ ਤਕਰੀਬਨ 9,043 ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਐਤਕੀਂ ਮੁਕਾਬਲਾ ਮੁੱਖ ਤੌਰ ’ਤੇ ਖੱਬੀਆਂ ਧਿਰਾਂ ਅਤੇ ਆਰ ਐੱਸ ਐੱਸ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ) ਵਿਚਾਲੇ ਹੈ। ਖੱਬੇ ਪੱਖੀਆਂ ਨੇ ਆਦਿਤੀ ਮਿਸ਼ਰਾ, ਜਦਕਿ ਏ ਬੀ ਵੀ ਪੀ ਨੇ ਵਿਕਾਸ ਪਟੇਲ ਨੂੰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਹੈ। ਐਤਕੀਂ ਵੋਟਰਾਂ ਦਾ ਮੱਤ ਵੰਡਿਆ ਨਜ਼ਰ ਆਇਆ। ਵਿਦਿਆਰਥੀ ਮਹਿੰਦਰ ਨੇ ਕਿਹਾ, ‘‘ਖੱਬੇ ਪੱਖੀ ਘੱਟੋ-ਘੱਟ ਸਾਡੇ ਮੁੱਦੇ ਤਾਂ ਚੁੱਕਦੇ ਹਨ। ਲੋੜ ਪੈਣ ’ਤੇ ਵਿਰੋਧ ਵੀ ਕਰਦੇ ਹਨ।’’ ਕੁਝ ਹੋਰ ਵਿਦਿਆਰਥੀਆਂ ਨੇ ਕਿਹਾ ਕਿ ਉਹ ਤਬਦੀਲੀ ਚਾਹੁੰਦੇ ਹਨ। ਪਿਛਲੇ ਸਾਲ ਆਇਸਾ ਦੇ ਨਿਤੀਸ਼ ਕੁਮਾਰ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਸੀ; ਏ ਬੀ ਵੀ ਪੀ ਦੇ ਵੈਭਵ ਮੀਨਾ ਨੇ ਸੰਯੁਕਤ ਸਕੱਤਰ ਦਾ ਅਹੁਦਾ ਹਾਸਲ ਕਰ ਕੇ ਇੱਕ ਦਹਾਕੇ ਦਾ ਸੋਕਾ ਖ਼ਤਮ ਕੀਤਾ ਸੀ।

